featuredNational

ਨਰਾਇਣਾ ਵਿਹਾਰ ਕਲੱਬ ਵਿਖੇ ‘ਸਰਦਾਰ ਕੁਲਦੀਪ ਸਿੰਘ ਬੱਗਾ’ ਪੁਸਤਕ ਲੋਕ ਅਰਪਣ

ਨਵੀਂ ਦਿੱਲੀ: ਨਰਾਇਣਾ ਵਿਹਾਰ ਕਲੱਬ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ‘ਸਰਦਾਰ ਕੁਲਦੀਪ ਸਿੰਘ ਬੱਗਾ’ ਪੁਸਤਕ ਲੋਕ ਅਰਪਣ ਕੀਤੀ ਗਈ। ਇਹ ਪੁਸਤਕ ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ, ਸੰਘਰਸ਼, ਕਾਰੋਬਾਰੀ ਸਫ਼ਰ, ਪਰਿਵਾਰਕ ਕਦਰਾਂ-ਕੀਮਤਾਂ, ਸਾਦਗੀ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਸੇਵਾ-ਭਾਵਨਾ ਨੂੰ ਉਜਾਗਰ ਕਰਦੀ ਹੈ।

ਪੁਸਤਕ ਦੇ ਲੇਖਕ ਡਾ. ਹਰਜਿੰਦਰ ਸਿੰਘ ਅਤੇ ਡਾ. ਦਵਿੰਦਰ ਸਿੰਘ ਹਨ, ਜਦਕਿ ਇਸ ਦਾ ਪ੍ਰਕਾਸ਼ਨ ਦਿੱਲੀ ਸਥਿਤ ਓਰੇਂਜ ਬੁੱਕਸ ਪਬਲਿਕੇਸ਼ਨ ਵੱਲੋਂ ਕੀਤਾ ਗਿਆ ਹੈ।

ਸਮਾਗਮ ਦੀ ਸ਼ੁਰੂਆਤ ਕੰਵਰਦੀਪ ਸਿੰਘ ਬੱਗਾ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਇਸ ਮੌਕੇ ਲੇਖਕ ਡਾ. ਹਰਜਿੰਦਰ ਸਿੰਘ ਨੇ ਕੈਨੇਡਾ ਤੋਂ ਵੀਡੀਓ ਸੰਦੇਸ਼ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਉੱਥੇ ਹੀ ਡਾ. ਦਵਿੰਦਰ ਸਿੰਘ ਨੇ ਪੁਸਤਕ ਦੇ ਵਿਸ਼ੇ ਅਤੇ ਇਸ ਦੀ ਰਚਨਾ ਨਾਲ ਜੁੜੇ ਪੱਖਾਂ ਬਾਰੇ ਜਾਣਕਾਰੀ ਦਿੱਤੀ।

ਇਸ ਦੌਰਾਨ ਪ੍ਰੋ. ਰਵੇਲ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਕੁਲਮੋਹਨ ਸਿੰਘ ਨੇ ਪੁਸਤਕ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਪ੍ਰੇਰਣਾਦਾਇਕ ਜੀਵਨੀਆਂ ਪੜ੍ਹਨ ਅਤੇ ਉਨ੍ਹਾਂ ਤੋਂ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਉਪਰੰਤ ਕੁਲਦੀਪ ਸਿੰਘ ਬੱਗਾ ਦੀ ਪੋਤਰੀ ਡਾ. ਅਰਸ਼ਿਆ ਕੌਰ ਨੇ ਆਪਣੇ ਜਜ਼ਬਾਤ ਅਤੇ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਪੁਸਤਕ ਲੋਕ ਅਰਪਣ ਕਰਨ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਨੇ ਕੁਲਦੀਪ ਸਿੰਘ ਬੱਗਾ ਦੇ ਜੀਵਨ, ਸੰਘਰਸ਼ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਵਨੀਤਾ ਨੇ ਜੀਵਨੀ ਸਾਹਿਤ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਕਿਸੇ ਵਿਅਕਤੀ ਦੇ ਜੀਵਨ ਅਤੇ ਉਪਲਬਧੀਆਂ ਨੂੰ ਸੰਭਾਲਣ ਦੇ ਨਾਲ-ਨਾਲ ਉਸ ਦੌਰ ਦੇ ਸਮਾਜਿਕ ਅਤੇ ਸੱਭਿਆਚਾਰਕ ਇਤਿਹਾਸ ਦੀਆਂ ਯਾਦਾਂ ਨੂੰ ਵੀ ਸਾਂਭਣ ਦਾ ਕੰਮ ਕਰਦੀਆਂ ਹਨ।

ਅੰਤ ਵਿੱਚ ਕੁਲਦੀਪ ਸਿੰਘ ਬੱਗਾ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਪੁਸਤਕ ਦੇ ਲੇਖਕਾਂ ਦਾ ਧੰਨਵਾਦ ਕੀਤਾ।