ਅਰਬ ਸਾਗਰ ’ਚ ਭਾਰਤੀ ਜੰਗੀ ਜਹਾਜ਼ ਨਾਲ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੀ ਟੱਕਰ, ਭਾਰਤ ਨੇ ਪਾਕਿ ਡਿਪਲੋਮੈਟ ਨੂੰ ਕੀਤਾ ਤਲਬ
ਨਵੀਂ ਦਿੱਲੀ: ਉੱਤਰੀ ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਨਾਲ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੀ ਟੱਕਰ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕਰਕੇ ਘਟਨਾ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ।
ਭਾਰਤੀ ਅਧਿਕਾਰੀਆਂ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਵਾਪਰੀ। ਉਸ ਸਮੇਂ ਭਾਰਤੀ ਜਲ ਸੈਨਾ ਦਾ ਜੰਗੀ ਜਹਾਜ਼ ਰੁਟੀਨ ਨਿਗਰਾਨੀ ਮਿਸ਼ਨ ’ਤੇ ਤਾਇਨਾਤ ਸੀ। ਭਾਰਤੀ ਪੱਖ ਦੇ ਅਨੁਸਾਰ, ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਤੇਜ਼ ਰਫ਼ਤਾਰ ਨਾਲ ਭਾਰਤੀ ਜਹਾਜ਼ ਦੇ ਨੇੜੇ ਆਇਆ ਅਤੇ ਅਸੁਰੱਖਿਅਤ ਤੇ ਗੈਰ-ਪੇਸ਼ੇਵਰ ਢੰਗ ਨਾਲ ਮੋੜ ਕੱਟਣ ਕਾਰਨ ਟੱਕਰ ਹੋਈ।
ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਜਲ ਸੈਨਾ ਦੀ ਇਸ ਕਾਰਵਾਈ ਨੂੰ “ਅਣਉਚਿਤ ਅਤੇ ਗੈਰ-ਪੇਸ਼ੇਵਰ” ਕਰਾਰ ਦਿੰਦਿਆਂ ਆਪਣਾ ਵਿਰੋਧ ਦਰਜ ਕਰਵਾਇਆ ਹੈ। ਮੰਤਰਾਲੇ ਮੁਤਾਬਕ ਘਟਨਾ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਭਾਰਤੀ ਜਹਾਜ਼ ਆਪਣਾ ਮਿਸ਼ਨ ਜਾਰੀ ਰੱਖਣ ਵਿੱਚ ਸਮਰੱਥ ਰਿਹਾ।
ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਕਿਹਾ ਹੈ ਕਿ ਪਾਕਿਸਤਾਨੀ ਫ਼ੌਜੀ ਇਕਾਈਆਂ ਸਮੁੰਦਰ ਵਿੱਚ ਲੋੜੀਂਦੀ ਸਾਵਧਾਨੀ ਵਰਤਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਲਾਗੂ ਸਮਝੌਤਿਆਂ ਦੀ ਪਾਲਣਾ ਕਰਨ।
