featured

ਰਾਘਵ ਚੱਢਾ ਦੀ ਵੋਟ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਚਰਚਾ, ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ‘ਤੇ ਚੁੱਕੇ ਸਵਾਲ

Published by: Shanker Raja
ਦਿੱਲੀ- ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਿੱਲੀ ਵਿੱਚ ਵੋਟ ਬਣਾਉਣ ਨੂੰ ਲੈ ਕੇ ਸਿਆਸੀ ਵਿਵਾਦ ਗਰਮਾ ਗਿਆ ਹੈ। ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਬੁਲਾਰੇ ਅਨੁਰਾਗ ਢਾਂਡਾ ਨੇ ਵੀਰਵਾਰ ਨੂੰ ਦਿੱਲੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਰਾਘਵ ਚੱਢਾ ਦੀ ਵੋਟ ਨਾਲ ਜੁੜੇ ਮਾਮਲੇ ’ਤੇ ਕਈ ਸਵਾਲ ਖੜ੍ਹੇ ਕੀਤੇ।
ਅਨੁਰਾਗ ਢਾਂਡਾ ਨੇ ਕਿਹਾ ਕਿ ਰਾਘਵ ਚੱਢਾ ਨੇ 26 ਅਗਸਤ ਨੂੰ ਦਿੱਲੀ ਵਿੱਚ ਵੋਟ ਬਣਾਉਣ ਲਈ ਅਰਜ਼ੀ ਦਿੱਤੀ ਸੀ ਅਤੇ 2 ਸਤੰਬਰ ਨੂੰ ਰਾਜਿੰਦਰ ਨਗਰ ਵਿੱਚ ਉਨ੍ਹਾਂ ਦੀ ਵੋਟ ਦਰਜ ਵੀ ਹੋ ਗਈ। ਉਨ੍ਹਾਂ ਇਸ ਪ੍ਰਕਿਰਿਆ ਦੀ ਤੁਲਨਾ ਬੁਲੇਟ ਟ੍ਰੇਨ ਨਾਲ ਕਰਦਿਆਂ ਤੰਜ ਕੱਸਿਆ ਕਿ ਜਿਸ ਰਫ਼ਤਾਰ ਨਾਲ ਰਾਘਵ ਚੱਢਾ ਦੀ ਵੋਟ ਬਣੀ, ਉਸ ਰਫ਼ਤਾਰ ਨਾਲ ਤਾਂ ਬੁਲੇਟ ਟ੍ਰੇਨ ਵੀ ਨਹੀਂ ਚੱਲਦੀ।
‘ਜੇ ਵੋਟ ਪਹਿਲਾਂ ਹੀ ਬਣ ਗਈ ਸੀ ਤਾਂ ਪੰਜਾਬ ਸਰਕਾਰ ’ਤੇ ਦੋਸ਼ ਕਿਉਂ?’

AAP ਆਗੂ ਨੇ ਸਵਾਲ ਕੀਤਾ ਕਿ ਜੇਕਰ ਰਾਘਵ ਚੱਢਾ ਦੀ ਵੋਟ 2 ਸਤੰਬਰ ਨੂੰ ਹੀ ਦਿੱਲੀ ਵਿੱਚ ਦਰਜ ਹੋ ਗਈ ਸੀ ਤਾਂ 3 ਸਤੰਬਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੰਜਾਬ ਸਰਕਾਰ ‘ਤੇ ਵੋਟ ਰੱਦ ਕਰਨ ਦੇ ਦੋਸ਼ ਕਿਉਂ ਲਗਾਏ? ਢਾਂਡਾ ਨੇ ਕਿਹਾ ਕਿ ਵੋਟਰ ਸੂਚੀ ਨਾਲ ਸਬੰਧਤ ਮਾਮਲਾ ਚੋਣ ਕਮਿਸ਼ਨ ਦੇ ਅਧੀਨ ਆਉਂਦਾ ਹੈ ਅਤੇ ਇਸ ਵਿੱਚ ਪੰਜਾਬ ਸਰਕਾਰ ਦੀ ਸਿੱਧੀ ਭੂਮਿਕਾ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰਾਘਵ ਚੱਢਾ ਅਤੇ ਭਾਜਪਾ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।