ਜ਼ਿੰਦਗੀ ਦੀ ਜੰਗ ਹਾਰੇ ਰਾਜਵੀਰ ਜਵੰਦਾ; ਫੋਰਟਿਸ ‘ਚ ਇਲਾਜ ਦੌਰਾਨ ਤੋੜਿਆ ਦਮ
ਮੁਹਾਲੀ- ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਅੱਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ 35 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ।
ਦੱਸ ਦੇਈਏ ਕਿ 27 ਸਤੰਬਰ ਨੂੰ ਹੋਏ ਐਕਸੀਡੈਂਟ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ ਸਨ ਤੇ ਫੋਰਟਿਸ ਵਿਚ ਵੈਂਟੀਲੇਟਰ ‘ਤੇ ਸਨ। ਕਲਾਕਾਰ ਨੂੰ ਸਿਰ ਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਹ ਵੈਂਟੀਲੇਟਰ ‘ਤੇ ਸਨ। ਸੜਕ ਹਾਦਸੇ ਤੋਂ ਬਾਅਦ ਪਿਛਲੇ 11 ਦਿਨਾਂ ਤੋਂ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਬੁੱਧਵਾਰ (8 ਅਕਤੂਬਰ) ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਰਾਜਵੀਰ ਜਵੰਦਾ ਜੋ ਵਿਆਹੇ ਹੋਏ ਸਨ ਤੇ ਦੋ ਛੋਟੇ ਬੱਚਿਆਂ ਦਾ ਪਿਤਾ ਸੀ।
ਉਨ੍ਹਾਂ ਦੀ ਮੌਤ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਵੱਖ-ਵੱਖ ਅਦਾਕਾਰਾਵਾਂ ਨੇ ਦੁੱਖ ਪ੍ਰਗਟਾਇਆ ਹੈ।
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਬੀਤੀ 27 ਸਤੰਬਰ ਨੂੰ ਆਪਣੀ ਮੋਟਰਸਾਈਕਲ ‘ਤੇ ਸ਼ਿਮਲਾ ਵੱਲ ਜਾਂਦਿਆਂ ਬੱਦੀ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਪਿੰਜੌਰ-ਨਾਲਾਗੜ੍ਹ ਸੜਕ ‘ਤੇ ਅਚਾਨਕ ਸੜਕ ‘ਤੇ ਦੋ ਲੜਾਕੂ ਬਲਦਾਂ ਨੂੰ ਬਚਾਉਣ ਦੀ ਕੋਸ਼ਿਸ ਕਰਦੇ ਹੋਏ ਜਵੰਦਾ ਦੀ ਮੋਟਰ ਸਾਈਕਲ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਟਕਰਾ ਗਈ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਪੰਚਕੂਲਾ ਲਿਜਾਇਆ ਗਿਆ ਤੇ ਫਿਰ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
