ਸ਼ੁਭਾਂਸ਼ੂ ਸ਼ੁਕਲਾ ਬਣੇ ਕੇਂਦਰ ਦੇ ਵਿਕਸਤ ਭਾਰਤ ਬਿਲਡਥਾਨ ਦੇ ਬ੍ਰਾਂਡ ਅੰਬੈਸਡਰ
ਨਵੀਂ ਦਿੱਲੀ – ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਪੁੱਜਣ ਵਾਲੇ ਪਹਿਲੇ ਭਾਰਤੀ ਸ਼ੁਭਾਂਸ਼ੂ ਸ਼ੁਕਲਾ ਨੂੰ ਕੇਂਦਰ ਸਰਕਾਰ ਨੂੰ ਵਿਕਸਤ ਭਾਰਤ ਬਿਲਡਥਾਨ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਬਿਲਡਥਾਨ ਇਕ ਰਾਸ਼ਟਰ ਪੱਧਰੀ ਨਵਾਚਾਰ ਅੰਦੋਲਨ ਹੈ, ਜੋ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਬਣਾਇਆ ਗਿਆ ਹੈ। ਬਿਲਡਥਾਨ ਦੇਸ਼ ਭਰ ਦੇ 1.5 ਲੱਖ ਸਕੂਲਾਂ ਦੇ ਇਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਚਾਰ ਵਿਸ਼ਿਆਂ ਦੇ ਤਹਿਤ ਪ੍ਰੋਟੋਟਾਈਪ ਦੀ ਕਲਪਨਾ, ਡਿਜ਼ਾਈਨ ਤੇ ਵਿਕਾਸ ਲਈ ਪ੍ਰੇਰਿਤ ਕਰੇਗਾ। ਇਹ ਸਿੱਖਿਆ ਮੰਤਰਾਲੇ ਵੱਲੋਂ ਅਟੱਲ ਨਵੇਂ ਵਿਚਾਰਾਂ ਦੇ ਮਿਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਬਿਲਡਥਾਨ 23 ਸਤੰਬਰ ਨੂੰ ਸ਼ੁਰੂ ਹੋਇਆ ਤੇ ਰਜਿਸਟ੍ਰੇਸ਼ ਛੇ ਅਕਤੂਬਰ ਤੱਕ ਖੁੱਲ੍ਹੀ ਹੈ। ਲਾਈਵ ਬਿਲਡਥਾਨ 13 ਅਕਤੂਬਰ ਨੂੰ ਕਰਵਾਇਆ ਜਾਵੇਗਾ ਤੇ ਜੇਤੂਆਂ ਦਾ ਐਲਾਨ ਦਸੰਬਰ ’ਚ ਕੀਤਾ ਜਾਵੇਗਾ। ਬਿਲਡਥਾਨ ਦੇ ਤਹਿਤ ਛੇਵੀਂ ਤੋਂ 12ਵੀਂ ਜਮਾਤ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਟੀਮਾਂ ’ਚ ਸ਼ਾਮਲ ਹੋਣ, ਰਚਨਾਤਮਕ ਰੂਪ ਨਾਲ ਸੋਚਣ ਤੇ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਹੱਲ ਕਰਨ ਵਾਲੇ ਵਿਚਾਰ ਤੇ ਪ੍ਰੋਟੋਟਾਈਪ ਵਿਕਸਤ ਕਰਨਾ ਸ਼ਾਮਲ ਹੈ। ਵਿਦਿਆਰਥੀ ਰਾਸ਼ਟਰੀ ਅਹਿਮੀਅਤ ਦੇ ਚਾਰ ਵਿਸ਼ਿਆਂ ’ਤੇ ਕੰਮ ਕਰਨਗੇ। ਇਸ ਵਿਚ ਆਤਮਨਿਰਭਰ ਭਾਰਤ, ਸਵਦੇਸ਼ੀ, ਵੋਕਲ ਫਾਰ ਲੋਕਲ ਤੇ ਖ਼ੁਸ਼ਹਾਲੀ ’ਤੇ ਫੋਕਸ ਰਹੇਗਾ।
