ਨਵੀਂ ਦਿੱਲੀ – ਅਦਾਕਾਰਾ ਦੀਪਿਕਾ ਪਾਦੁਕੋਣ ਦਾ ‘ਦ ਲਿਵ ਲਵ ਲਾਫ’ (ਐਲਐੱਲਐਲ) ਫਾਉਂਡੇਸ਼ਨ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਦਾ ਹੈ। ਦੀਪਿਕਾ ਨੇ ਖ਼ੁਦ ਵੀ ਮਾਨਸਿਕ ਸਿਹਤ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ ਕਿਉਂਕਿ ਉਹ ਖ਼ੁਦ ਡਿਪ੍ਰੈਸ਼ਨ ਦਾ ਸਾਹਮਣਾ ਕਰ ਚੁੱਕੀ ਹੈੈ। ਹੁਣ ਉਨ੍ਹਾਂ ਨੂੰ ਇਕ ਅਜਿਹਾ ਅਹੁਦਾ ਦਿੱਤਾ ਗਿਆ ਹੈ ਜਿਸ ‘ਤੇ ਰਹਿੰਦੇ ਹੋਏ ਉਹ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਨੂੰ ਹੋਰ ਵੱਡੇ ਪੱਧਰ ‘ਤੇ ਫੈਲਾ ਸਕਦੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ (ਐਮਓਐਚਐਫਡਬਲਯੂ) ਵੱਲੋਂ ਅਦਾਕਾਰਾ ਨੂੰ ਪਹਿਲੀ ‘ਮਾਨਸਿਕ ਸਿਹਤ ਰਾਜਦੂਤ’ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਟੀਚਾ ਭਾਰਤ ਦੀ ਮਾਨਸਿਕ ਸਿਹਤ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਸਿਹਤ ਬਾਰੇ ਖੁੱਲ੍ਹੀ ਗੱਲਬਾਤ ਨੂੰ ਵਧਾਵਾ ਦੇਣਾ ਹੈ।
ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਕਿਹਾ, “ਦੀਪਿਕਾ ਪਾਦੁਕੋਣ ਨਾਲ ਸਾਂਝੇਦਾਰੀ ਭਾਰਤ ਵਿੱਚ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ ਵਿਆਪਕ ਜਾਗਰੂਕਤਾ ਫੈਲਾਉਣ ਅਤੇ ਇਸ ‘ਤੇ ਗੱਲਬਾਤਾਂ ਨੂੰ ਆਮ ਕਰਨ ਵਿੱਚ ਮਦਦ ਕਰੇਗੀ, ਜਿਸ ਨਾਲ ਮਾਨਸਿਕ ਸਿਹਤ ਨੂੰ ਸਿਹਤ ਦੇ ਵੱਖ-ਵੱਖ ਪੱਖਾਂ ਦੇ ਤੌਰ ‘ਤੇ ਉਜਾਗਰ ਕੀਤਾ ਜਾ ਸਕੇਗਾ।”
ਅਦਾਕਾਰਾ ਨੇ ਕਿਹਾ, “ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਪਹਿਲੇ ਮਾਨਸਿਕ ਸਿਹਤ ਰਾਜਦੂਤ ਦੇ ਤੌਰ ‘ਤੇ ਸੇਵਾ ਕਰਨ ‘ਤੇ ਮੈਨੂੰ ਬਹੁਤ ਮਾਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਿੱਚ ਭਾਰਤ ਨੇ ਮਾਨਸਿਕ ਸਿਹਤ ਦੇਖਭਾਲ ਨੂੰ ਪ੍ਰਾਥਮਿਕਤਾ ਦੇਣ ਵਿੱਚ ਕਾਫੀ ਪ੍ਰਗਤੀ ਕੀਤੀ ਹੈ। ਮੈਂ ਇਸ ਰਫ਼ਤਾਰ ਨੂੰ ਜਾਰੀ ਰੱਖਣ ਅਤੇ ਸਾਡੇ ਦੇਸ਼ ਦੇ ਮਾਨਸਿਕ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੰਤਰਾਲੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ।”
ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ
ਆਪਣੀ ਨਵੀਂ ਭੂਮਿਕਾ ਵਿੱਚ ਉਹ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਸਿੱਖਿਅਤ ਕਰਨ ਅਤੇ ਹੋਰ ਭਾਰਤੀਆਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰਨ ਲਈ ਮੰਤਰਾਲੇ ਨਾਲ ਕੰਮ ਕਰੇਗੀ। ਉਹ ਟੈਲੀਮਾਨਸ ਵਰਗੇ ਸਰਕਾਰੀ ਪ੍ਰੋਗਰਾਮਾਂ ਨੂੰ ਵੀ ਉਤਸ਼ਾਹਿਤ ਕਰੇਗੀ ਅਤੇ ਮਾਨਸਿਕ ਸਿਹਤ ਦੇਖਭਾਲ ਤੱਕ ਬਰਾਬਰ ਪਹੁੰਚ ਲਈ ਰਣਨੀਤੀਆਂ ਵਿਕਸਤ ਕਰਨ ਵਿੱਚ ਯੋਗਦਾਨ ਪਾਵੇਗੀ।
ਇਸ ਤੋਂ ਪਹਿਲਾਂ ਪਾਦੁਕੋਣ ਨੇ 2015 ਵਿੱਚ ‘ਦਿ ਲਾਈਵ ਲਵ ਲਾਫ’ ਦੀ ਸਥਾਪਨਾ ਤੋਂ ਬਾਅਦ ਆਪਣੇ ਸਫ਼ਰ ਬਾਰੇ ਚਰਚਾ ਕੀਤੀ। ਉਸਨੇ ਕਿਹਾ, “ਦਸ ਸਾਲ ਪਹਿਲਾਂ, ਇਹ ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਬਾਰੇ ਸੀ ਕਿ ਉਹ ਜੋ ਮਹਿਸੂਸ ਕਰ ਰਹੇ ਸਨ ਉਸਦਾ ਇੱਕ ਨਾਮ ਸੀ ਅਤੇ ਮਦਦ ਮੰਗਣਾ ਠੀਕ ਸੀ। ਜਦੋਂ ਲੋਕ ਮੇਰੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ, ‘ਤੁਸੀਂ ਇੱਕ ਜਾਨ ਬਚਾਈ,’ ਜਾਂ ‘ਤੁਸੀਂ ਮੇਰੀ ਧੀ ਦੀ ਮਦਦ ਕੀਤੀ,’ ਤਾਂ ਉਸ ਭਾਵਨਾ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ।”
ਉਸ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਮਾਨਸਿਕ ਸਿਹਤ ਸੰਭਾਲ ਦਾ ਭਵਿੱਖ ਵਿਗਿਆਨ ਨੂੰ ਯੋਗਾ ਅਤੇ ਧਿਆਨ ਵਰਗੀਆਂ ਭਾਰਤੀ ਪਰੰਪਰਾਵਾਂ ਨਾਲ ਜੋੜਨ ਅਤੇ ਮਾਨਸਿਕ ਸਿਹਤ ਬਾਰੇ ਗੱਲਬਾਤ ਨੂੰ ਆਮ ਬਣਾਉਣ ਬਾਰੇ ਹੋਵੇਗਾ। ਉਸਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਮਾਨਸਿਕ ਸਿਹਤ ਜਾਗਰੂਕਤਾ ਇੱਕ ਦਿਨ ਗਲੀ ਕ੍ਰਿਕਟ ਵਾਂਗ ਵਿਆਪਕ ਹੋ ਜਾਵੇਗੀ।