National

ਬਾਰਿਸ਼ ਤੇ ਬਰਫ਼ਬਾਰੀ ਮਗਰੋਂ ਹੋਵੇਗੀ ਗੁਲਾਬੀ ਠੰਢ ਦੀ ਸ਼ੁਰੂਆਤ, ਅੱਠ ਅਕਤੂਬਰ ਤੋਂ ਤਾਪਮਾਨ ’ਚ ਆਵੇਗੀ ਗਿਰਾਵਟ

ਨਵੀਂ ਦਿੱਲੀ- ਉੱਤਰੀ ਭਾਰਤ ਵਿਚ ਮੌਨਸੂਨ ਦੀ ਵਿਦਾਈ ਦੇ ਨਾਲ ਹੀ ਮੌਸਮ ਕਰਵਟ ਲੈਣ ਵਾਲਾ ਹੈ। ਐੱਨਸੀਆਰ, ਪੰਜਾਬ, ਹਰਿਆਣਾ, ਹਿਮਾਚਲ ਤੇ ਉੱਤਰਾਖੰਡ ਸਣੇ ਮੈਦਾਨੀ ਇਲਾਕਿਆਂ ਵਿਚ ਤਿੰਨ-ਚਾਰ ਦਿਨਾਂ ਅੰਦਰ ਗਰਮੀ ਤੇ ਹੁੰਮਸ ਤੋਂ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਕਈ ਇਲਾਕਿਆਂ ਵਿਚ ਤੇਜ਼ ਹਵਾ ਨਾਲ ਬਾਰਿਸ਼ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਮੌਸਮ ਵਿਭਾਗ (ਆਈਐੱਮਡੀ) ਦਾ ਅਨੁਮਾਨ ਹੈ ਕਿ ਸੋਮਵਾਰ ਤੋਂ ਉੱਤਰੀ ਭਾਰਤ ਦੇ ਮੌਸਮ ਵਿਚ ਕਾਫ਼ੀ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਅੱਠ ਅਕਤੂਬਰ ਤੋਂ ਤਾਪਮਾਨ ਵਿਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਜੰਮੂ-ਕਸ਼ਮੀਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੱਕਰਵਾਤੀ ਸਰਕੁਲੇਸ਼ਨ ਸਰਗਰਮ ਹੋ ਚੁੱਕਾ ਹੈ ਜਿਸ ਨਾਲ ਬਰਸਾਤ ਦੇ ਨਾਲ-ਨਾਲ ਗੜੇਮਾਰੀ ਤੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦਾ ਅਸਰ ਹਿਮਾਚਲ ਤੇ ਉੱਤਰਾਖੰਡ ਤੱਕ ਦਿਖਾਈ ਦੇਵੇਗਾ। ਉੱਚੇ ਇਲਾਕਿਆਂ ਵਿਚ ਜ਼ੋਰਦਾਰ ਬਾਰਿਸ਼ ਹੋਵੇਗੀ ਜਿਸ ਕਾਰਨ ਤਾਪਮਾਨ ਤੇਜ਼ੀ ਨਾਲ ਡਿੱਗੇਗਾ ਤੇ ਠੰਢ ਦਾ ਅਹਿਸਾਸ ਜਲਦੀ ਸ਼ੁਰੂ ਹੋ ਜਾਵੇਗਾ।

ਆਈਐੱਮਡੀ ਮੁਤਾਬਕ, ਇਹ ਪੱਛਮੀ ਗੜਬੜੀ ਇਸ ਸੀਜ਼ਨ ਦਾ ਪਹਿਲਾ ਵੱਡਾ ਸਿਸਟਮ ਹੈ ਜਿਹੜਾ ਉੱਤਰੀ ਭਾਰਤ ਦੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ 7 ਅਕਤੂਬਰ ਤੱਕ ਗਰਜ ਤੇ ਚਮਕ ਨਾਲ ਭਾਰੀ ਬਾਰਿਸ਼ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਚੱਲ ਸਕਦੀਆਂ ਹਨ। 7 ਅਕਤੂਬਰ ਤੋਂ ਬਾਅਦ ਬਾਰਿਸ਼• ਵਿਚ ਕਮੀ ਆ ਜਾਵੇਗੀ। 9 ਅਕਤੂਬਰ ਤੋਂ ਮੌਸਮ ਖ਼ੁਸ਼ਕ ਰਹੇਗਾ ਅਤੇ ਘੱਟੋ-ਘੱਟ ਤਾਪਮਾਨ ਵਿਚ ਲਗਾਤਾਰ ਗਿਰਾਵਟ ਸ਼ੁਰੂ ਹੋ ਜਾਵੇਗੀ।

ਅਰਬ ਸਾਗਰ ਵਿਚ ਸਰਗਰਮ ਚੱਕਰਵਾਤੀ ਤੂਫਾਨ ‘ਸ਼ਕਤੀ’ ਹੌਲੀ-ਹੌਲੀ ਕਮਜ਼ੋਰ ਹੋ ਕੇ ਘੱਟ ਦਬਾਅ ਵਿਚ ਬਦਲਣ ਦੀ ਦਿਸ਼ਾ ਵਿਚ ਵੱਧ ਰਿਹਾ ਹੈ ਜਿਸ ਦਾ ਅਸਰ ਗੁਜਰਾਤ ਤੇ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵਜੋਂ ਦਿਖਾਈ ਦੇਵੇਗਾ। ਅਕਤੂਬਰ ਦੀ ਸ਼ੁਰੂਆਤ ਇਸ ਵਾਰ ਮੌਸਮ ਸੰਬੰਧੀ ਹਲਚਲ ਨਾਲ ਭਰਪੂਰ ਰਹਿਣ ਵਾਲੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਠੰਢ ਇਸ ਵਾਰ ਪਹਿਲਾਂ ਦਸਤਕ ਦੇ ਸਕਦੀ ਹੈ ਅਤੇ ਉੱਤਰੀ ਭਾਰਤ ਵਿਚ ਸਰਦੀ ਦਾ ਅਸਰ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਹੋ ਸਕਦਾ ਹੈ।