‘ਰਾਹੁਲ ਵਿਦੇਸ਼ਾਂ ‘ਚ ਭਾਰਤ ਦੀ ਆਲੋਚਨਾ ਕਰਨ ‘ਚ ਸਭ ਤੋਂ ਅੱਗੇ ਹਨ’, ਕਿਰਨ ਰਿਜੀਜੂ ਨੇ ਕੱਸਿਆ ਤਨਜ਼
ਨਵੀਂ ਦਿੱਲੀ- ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਐਤਵਾਰ ਨੂੰ ਕਾਂਗਰਸੀ ਸੰਸਦ ਮੈਂਬਰ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਕੋਲੰਬੀਆ ਵਿਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਖ਼ਤ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਮੁਲਕ ਦੇ ਪਹਿਲੇ ਅਜਿਹੇ ਵਿਰੋਧੀ ਧਿਰ ਦੇ ਆਗੂ ਹਨ, ਜੋ ਕਿ ਵਿਦੇਸ਼ ਜਾ ਕੇ ਭਾਰਤ ਸਰਕਾਰ ਦੀ ਆਲੋਚਨਾ ਕਰਦੇ ਹਨ। ਇੱਥੋਂ ਤੱਕ ਕਿ ਮਰਹੂਮ ਇੰਦਰਾ ਗਾਂਧੀ ਨੇ ਵੀ ਕਦੇ ਇੰਝ ਨਹੀਂ ਕੀਤਾ ਸੀ।
ਇਕ ਇੰਟਰਵਿਊ ਵਿਚ ਰਿਜੀਜੂ ਨੇ ਕਿਹਾ ਕਿ ਪਹਿਲਾਂ ਇੰਦਰਾ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਵਾਈ, ਸੁਸ਼ਮਾ ਸਵਰਾਜ ਤੇ ਸ਼ਰਦ ਪਵਾਰ ਦੀ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਹਨ ਪਰ ਇਨ੍ਹਾਂ ਨੇ ਲੋਕਾਂ ਨੇ ਵਿਦੇਸ਼ ਜਾ ਕੇ ਕਦੇ ਇਹੋ ਜਿਹੇ ਬਿਆਨ ਨਹੀਂ ਦਿੱਤੇ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਰਾਹੁਲ ਵਿੇਦਸ਼ ਵਿਚ ਭਾਰਤ ਬਾਰੇ ਤੱਥਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਦੇ ਹਨ ਤੇ ਉਸ ਵਜ੍ਹਾ ਨਾਲ ਮੁਲਕ ਦੇ ਅਕਸ ਨੂੰ ਧੱਕਾ ਲੱਗਾ ਹੈ। ਰਿਜੀਜੂ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਰਾਹੁਲ ਨੇ ਕੋਲੰਬੀਆ ਵਿਚ ਕਿਹਾ ਹੈ ਕਿ ਭਾਰਤ, ਦੁਨੀਆ ਦੀ ਅਗਵਾਈ ਨਹੀਂ ਕਰ ਸਕਦਾ। ਇਹ ਬਹੁਤ ਗ਼ਲਤ ਗੱਲ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਇਕ ਤੋਂ ਵੱਧ ਕੇ ਇਕ ਬੁੱਧੀਮਾਨ ਵਿਅਕਤੀ ਹੈ, ਚੰਗੇ ਸਿਆਸਤਦਾਨ ਹਨ ਤੇ ਚੰਗੀ ਵਿਚਾਰਧਾਰਾ ਵਾਲੇ ਲੋਕ ਹਨ। ਜੇ ਰਾਹੁਲ ਇੰਝ ਹੀ ਵਿਦੇਸ਼ਾਂ ਵਿਚ ਬੋਲਦੇ ਰਹੇ ਤਾਂ ਦੁਨੀਆ ਸੋਚੇਗੀ ਕਿ ਭਾਰਤ ਵਿਚ ਜ਼ਿਆਦਾਤਰ ਲੋਕ ਰਾਹੁਲ ਗਾਂਧੀ ਵਰਗੇ ਹਨ। ਸੰਸਦੀ ਮਾਮਲਿਆਂ ਦੇ ਮੰਤਰੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਭਾਜਪਾ ਰਾਹੁਲ ਗਾਂਧੀ ਨੂੰ ਹਮੇਸ਼ਾ ਨਿਸ਼ਾਨੇ ’ਤੇ ਕਿਉੰ ਲੈਂਦੀ ਹੈ? ਤਾਂ ਰਿਜੀਜੂ ਨੇ ਕਿਹਾ ਕਿ ਅਸੀਂ ਨਿੱਜੀ ਵਜ੍ਹਾ ਨਾਲ ਉਨ੍ਹਾਂ ਬਾਰੇ ਟਿੱਪਣੀਆਂ ਨਹੀਂ ਰਕਦੇ ਸਗੋਂ ਰਾਹੁਲ ਵਿਰੋਧੀ ਧਿਰ ਦੇ ਆਗੂ ਹਨ, ਗ਼ੈਰ-ਜ਼ਿੰਮੇਵਾਰੀ ਵਾਲੇ ਢੰਗ ਨਾਲ ਬੋਲਣਗੇ ਤਾਂ ਸਾਨੂੰ ਪ੍ਰਵਾਨ ਨਹੀਂ ਹੋਵੇਗਾ•।
