Global

ਐਲਨ ਮਸਕ ਨੇ ਇਤਿਹਾਸ ਰਚਿਆ, 500 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

ਵਾਸ਼ਿੰਗਟਨ – ਟੈਸਲਾ ਦੇ ਸੀਈਓ ਐਲਨ ਮਸਕ ਦੁਨੀਆ ਦੇ ਪਹਿਲੇ ਸ਼ਖ਼ਸ ਬਣ ਗਏ ਹਨ, ਜਿਨ੍ਹਾਂ ਦੀ ਜਾਇਦਾਦ 500 ਅਰਬ ਡਾਲਰ ਤੋਂ ਵੱਧ ਹੋ ਗਈ ਹੈ। ਮਸਕ ਦੀ ਜਾਇਦਾਦ ’ਚ ਵਾਧੇ ਦੇ ਮੁੱਖ ਕਾਰਨ ਇਸ ਸਾਲ ਟੈਸਲਾ ਦੇ ਸ਼ੇਅਰਾਂ ਦੀ ਕੀਮਤ ਤੇ ਉਨ੍ਹਾਂ ਦੀਆਂ ਹੋਰ ਤਕਨੀਕੀ ਕੰਪਨੀਆਂ ਦੀਆਂ ਕੀਮਤਾਂ ’ਚ ਵਾਧਾ ਹੈ। ਫੋਰਬਸ ਅਰਬਪਤੀ ਦੀ ਸੂਚੀ ’ਚ ਦੂਜੇ ਸਥਾਨ ’ਤੇ ਓਰੈਕਲ ਦੇ ਸੰਸਥਾਪਕ ਲੈਰੀ ਐਲੀਸਨ ਹਨ। ਉਨ੍ਹਾਂ ਦੀ ਜਾਇਦਾਦ 350 ਅਰਬ ਡਾਲਰ ਤੋਂ ਵੱਧ ਹੈ।

ਫੋਰਬਸ ਦੀ ਸੂਚੀ ਮੁਤਾਬਕ, ਬੁੱਧਵਾਰ ਸ਼ਾਮ ਨੂੰ ਮਸਕ ਦੀ ਜਾਇਦਾਦ 500 ਅਰਬ ਡਾਲਰ ਤੋਂ ਵੱਧ ਹੋ ਗਈ। ਉਨ੍ਹਾਂ ਨੇ ਇਹ ਉਪਲੱਬਧੀ ਸਿਰਫ ਇਕ ਸਾਲ ’ਚ ਹਾਸਲ ਕੀਤੀ ਹੈ। ਇਕ ਸਾਲ ਪਹਿਲਾਂ ਉਨ੍ਹਾਂ ਦੀ ਜਾਇਦਾਦ 400 ਅਰਬ ਡਾਲਰ ਤੋਂ ਵੱਧ ਸੀ। ਮਸਕ ਦੀ ਜਾਇਦਾਦ ਦਾ ਵੱਡਾ ਹਿੱਸਾ ਦੁਨੀਆ ਦੀ ਸਭ ਤੋਂ ਮਹਿੰਗੀ ਆਟੋਮੋਬਾਈਲ ਕੰਪਨੀ ਟੈਸਲਾ ਨਾਲ ਜੁੜਿਆ ਹੈ। ਮਸਕ ਕੋਲ ਇਲੈਕਟ੍ਰਿਕ ਵਾਹਨ ਨਿਰਮਾਤਾ ਇਸ ਕੰਪਨੀ ਦੀ 12 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਹੈ। ਇਸ ਸਾਲ ਟੈਸਲਾ ਦੇ ਸ਼ੇਅਰਾਂ ’ਚ 14 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਾ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ’ਚ ਟੈਸਲਾ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ ਸੀ।

ਟੈਸਲਾ ਦੇ ਬੋਰਡ ਨੇ ਪਿਛਲੇ ਮਹੀਨੇ ਮਸਕ ਲਈ ਇਕ ਟ੍ਰਿਲੀਅਨ ਡਾਲਰ ਦੀ ਮੁਆਵਜ਼ਾ ਯੋਜਨਾ ਦੀ ਤਜਵੀਜ਼ ਰੱਖੀ ਸੀ। ਮਸਕ ਦੀ ਏਆਈ ਸਟਾਰਟਅੱਪ ਐਕਸਏਆਈ ਤੇ ਰਾਕੇਟ ਕੰਪਨੀ ਸਪੇਸਐਕਸ ਨੇ ਵੀ ਇਸ ਸਾਲ ਆਪਣੇ ਮੁਲਾਂਕਣ (ਵੈਲਿਊਏਸ਼ਨ) ’ਚ ਵਾਧਾ ਕੀਤਾ ਹੈ। ਰਿਪੋਰਟ ਅਨੁਸਾਰ, ਐਕਸਏਆਈ ਤੇ ਸਪੇਸਐਕਸ ਦੇ ਮੁਲਾਂਕਣ ’ਚ ਕ੍ਰਮਵਾਰ 200 ਅਰਬ ਡਾਲਰ ਤੇ 400 ਅਰਬ ਡਾਲਰ ਦਾ ਵਾਧਾ ਹੋਇਆ ਹੈ।