Global

ਸਿੰਗਾਪੁਰ ਦਾ ਪਾਸਪੋਰਟ ਬਣਿਆ ਦੁਨੀਆ ਦਾ ਸਭ ਤੋਂ ਤਾਕਤਵਰ, ਹੈਨਲੀ ਪਾਸਪੋਰਟ ਇੰਡੈਕਸ ਨੇ 2025 ਦੀ ਸੂਚੀ ਕੀਤੀ ਜਾਰੀ

ਮੈਲਬੌਰਨ- ਦੁਨੀਆ ਭਰ ਦੇ ਪਾਸਪੋਰਟਾਂ ਦਾ ਦਰਜਾਬੰਦੀ ਕਰਨ ਵਾਲੀ ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਪਾਸਪੋਰਟਾਂ ਦੀ 2025 ਦੀ ਨਵੀਂ ਰੈਂਕਿੰਗ ਜਾਰੀ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਕਿਹੜੇ ਦੇਸ਼ ਦਾ ਪਾਸਪੋਰਟ ਕਿੰਨਾ ਤਾਕਤਵਰ ਹੈ ਤੇ ਉਸ ਦੀ ਕਿੰਨੀ ਮਹੱਤਤਾ ਹੈ। ਇਸ ਰੈਂਕਿੰਗ ’ਚ ਸਿੰਗਾਪੁਰ ਦੁਨੀਆ ਦੇ ਪਾਸਪੋਰਟਾਂ ਦੀ ਸੂਚੀ ’ਚ ਸਭ ਤੋਂ ਪਹਿਲੇ ਨੰਬਰ ’ਤੇ ਆ ਕੇ ਸਭ ਤੋਂ ਤਾਕਤਵਰ ਬਣ ਗਿਆ ਹੈ, ਜਦਕਿ ਜਾਪਾਨ ਤੇ ਸਾਊਥ ਕੋਰੀਆ ਦੂਜੇ ਨੰਬਰ ’ਤੇ ਹਨ।

ਸਿੰਗਾਪੁਰ ਦੇ ਨਾਗਰਿਕ 193 ਦੇਸ਼, ਜਦਕਿ ਜਾਪਾਨ ਅਤੇ ਸਾਊਥ ਕੋਰੀਆ ਦੇ ਨਾਗਰਿਕ 190 ਦੇਸ਼ਾਂ ’ਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪਾਸਪੋਰਟ ਧਾਰਕਾਂ ਕੋਲ ਵਿਸ਼ਵ ਭਰ ’ਚ 185 ਮੁਲਕਾਂ ’ਚ ਬਿਨਾਂ ਵੀਜ਼ਾ ਜਾਣ ਦੀ ਸਹੂਲਤ ਹਾਸਲ ਹੈ। ਇਸ ਰੈਂਕਿੰਗ ’ਚ ਭਾਰਤ ਨੂੰ 77ਵਾਂ ਸਥਾਨ ਮਿਲਿਆ ਹੈ, ਜਿਸ ਤਹਿਤ ਭਾਰਤੀ ਪਾਸਪੋਰਟ ਧਾਰਕ 59 ਦੇਸ਼ਾਂ ’ਚ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ। ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈੰਡ, ਇਟਲੀ ਸਪੇਨ ਤੀਜੇ ਨੰਬਰ ’ਤੇ ਹਨ, ਜਿਨ੍ਹਾਂ ਨੂੰ 189 ਦੇਸ਼ਾਂ ’ਚ ਬਿਨਾਂ ਵੀਜ਼ਾ ਜਾਣ ਦੀ ਸਹੂਲਤ ਪ੍ਰਾਪਤ ਹੈ। ਇਸ ਸੂਚੀ ’ਚ ਚੌਥੇ ਨੰਬਰ ’ਤੇ ਆਸਟ੍ਰੀਆ, ਬੈਲਜੀਅਮ, ਲਕਸਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ, ਸਵੀਡਨ ਹਨ, ਜਿਨ੍ਹਾਂ ਦੇ ਨਾਗਰਿਕ 188 ਦੇਸ਼ਾਂ ’ਚ ਬਿਨਾਂ ਵੀਜ਼ਾ ਜਾ ਸਕਦੇ ਹਨ। ਗਰੀਸ, ਨਿਊਜ਼ੀਲੈਂਡ ਤੇ ਸਵਿਟਰਜ਼ਲੈਂਡ ਇਸ ਰੈਂਕਿੰਗ ’ਚ ਪੰਜਵੇਂ ਨੰਬਰ ’ਤੇ ਹਨ, ਜੋ 187 ਦੇਸ਼ਾਂ ’ਚ ਜਾ ਸਕਦੇ ਹਨ। ਇਸੇ ਤਰ੍ਹਾਂ ਯੂਕੇ ਛੇਵੇਂ ਨੰਬਰ ’ਤੇ ਹੈ, ਜਿਸਦੇ ਨਾਗਰਿਕ 186 ਦੇਸ਼ਾਂ ’ਚ ਬਿਨਾਂ ਵੀਜ਼ਾ ਜਾ ਸਕਦੇ ਹਨ। ਆਸਟ੍ਰੇਲੀਆ, ਚੈਕੀਆ, ਹੰਗਰੀ ਮਾਲਟਾ, ਪੋਲੈਂਡ ਸੱਤਵੇਂ ਨੰਬਰ ’ਤੇ ਹੈ ਤੇ ਇਥੋਂ ਦੇ ਨਾਗਰਿਕ 185 ਦੇਸ਼ਾਂ ’ਚ ਬਗੈਰ ਵੀਜ਼ਾ ਜਾ ਸਕਦੇ ਹਨ। ਕੈਨੇਡਾ, ਇਸਟੋਨੀਆ, ਯੂਏਈ ਅੱਠਵੇਂ ਸਥਾਨ ’ਤੇ ਆ ਕੇ 184 ਦੇਸ਼, ਕਰੋਸ਼ੀਆ, ਲਾਤਵੀਆ, ਸਲੋਵਾਕੀਆ, ਸਲੋਵੇਨੀਆ ਨੌਵੇਂ ਸਥਾਨ ’ਤੇ ਰਹਿ ਕੇ 183 ਦੇਸ਼ ਜਦਕਿ, ਦਸਵੇਂ ਨੰਬਰ ’ਤੇ ਆਈਸਲੈਂਡ, ਲਿਥੂਆਨੀਆ, ਯੂਨਾਈਟਿਡ ਸਟੇਟਸ ਹਨ, ਜੋ ਕਿ 182 ਦੇਸ਼ਾਂ ਦੀ ਯਾਤਰਾ ਬਗੈਰ ਵੀਜ਼ਾ ਕਰ ਸਕਦੇ ਹਨ।

ਇਸ ਤਰ੍ਹਾਂ ਸਭ ਤੋਂ ਘੱਟ ਰੈਂਕਿੰਗ ਵਾਲੇ ਦੇਸ਼ਾਂ ਦੀ ਸੂਚੀ ’ਚ ਪਾਕਿਸਤਾਨ, ਸੋਮਾਲੀਆ, ਯਮਨ, ਇਰਾਕ, ਸੀਰੀਆ ਤੇ ਅਫਗਾਨਿਸਤਾਨ ਹਨ। ਪਾਕਿਸਤਾਨ, ਸੋਮਾਲੀਆ ਤੇ ਯਮਨ ਇਸ ਦਰਜਾਬੰਦੀ ’ਚ 96ਵੇਂ ਸਥਾਨ ’ਤੇ ਹਨ ਤੇ ਇਥੋਂ ਦੇ ਨਾਗਰਿਕ 32 ਦੇਸ਼ਾਂ ’ਚ ਬਿਨਾਂ ਵੀਜ਼ਾ ਜਾ ਸਕਦੇ ਹਨ, ਇਸ ਦੇ ਨਾਲ ਨਾਲ ਇਰਾਕ 97ਵੇਂ (30 ਦੇਸ਼), ਸੀਰੀਆ 98 ਸਥਾਨ (27 ਦੇਸ਼), ਅਫਗਾਨਿਸਤਾਨ 99ਵੇਂ ਨੰਬਰ ’ਤੇ ਹੈ ਤੇ ਇਸਦੇ ਨਾਗਰਿਕ 25 ਦੇਸ਼ਾਂ ’ਚ ਬਿਨਾਂ ਵੀਜ਼ਾ ਜਾ ਸਕਦੇ ਹਨ। ਹੈਨਲੀ ਪਾਸਪੋਰਟ ਇੰਡੈਕਸ ਵੱਲੋਂ ਇਹ ਸੂਚੀ ਵਿੱਤੀ ਫਰਮਾਂ ਦੁਆਰਾ ਬਣਾਏ ਗਏ ਇੰਡੈਕਸ ਅਤੇ ਏਅਰ ਟਰਾਂਸਪੋਰਟ ਅਥਾਰਟੀ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ’ਤੇ ਆਧਾਰਿਤ ਹੁੰਦੀ ਹੈ। ਪਾਸਪੋਰਟ ਇੰਡੈਕਸ ਆਪਣੀ ਕਿਸਮ ਦਾ ਇਕਲੌਤਾ ਇੰਡੈਕਸ ਹੈ, ਜੋ ਅੰਤਰਰਾਸ਼ਟਰੀ ਹਵਾਈ ਆਵਾਜਾਈ ਅਥਾਰਟੀ ਦੇ ਵਿਸ਼ੇਸ਼ ਡਾਟਾ ’ਤੇ ਆਧਾਰਿਤ ਹੈ।