Global

ਅਮਰੀਕਾ ’ਚ ਨਸ਼ਾ ਤਸਕਰੀ ਦੇ ਦੋਸ਼ ‘ਚ ਭਾਰਤੀ-ਕੈਨੇਡੀਅਨ ਗੈਂਗਸਟਰ ਗ੍ਰਿਫ਼ਤਾਰ

ਓਟਾਵਾ (ਪੀਟੀਆਈ) : ਭਾਰਤੀ-ਕੈਨੇਡੀਅਨ ਗੈਂਗਸਟਰ ਨੂੰ ਅਮਰੀਕਾ ’ਚ ਇਕ ਬਦਨਾਮ ਆਇਰਿਸ਼ ਗਿਰੋਹ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ’ਤੇ ਡਰੱਗ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਪਿੰਦਰ ਸਿੰਘ ਸਿਆਨ ਨਾਮੀ ਗੈਂਗਸਟਰ ਆਇਰਿਸ਼ ਕਿਨਾਹਨ ਗਿਰੋਹ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ’ਤੇ ਮੈਥਾਮਫੇਟਾਮਾਈਨ ਤੇ ਫੇਂਟੇਨਾਈਲ ਪ੍ਰੀਕਰਸਰ ਦੀ ਤਸਕਰੀ ਕਰਦਾ ਸੀ। ਸਿਆਨ ਨੂੰ ਪਿਛਲੇ ਮਹੀਨੇ ਨੇਵਾਦਾ ’ਚ ਡਰੱਗ ਇਨਫੋਰਸਮੈਂਟ ਐਡਮਿਨੀਸਟ੍ਰੇਸ਼ਨ (ਡੀਈਏ) ਨੇ ਗ੍ਰਿਫ਼ਤਾਰ ਕੀਤਾ ਸੀ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਤੁਰਕੀਏ ਤੇ ਅਮਰੀਕੀ ਅਪਰਾਧਿਕ ਸੰਗਠਨਾਂ ਵੱਲੋਂ ਸਮਰਥਿਤ ਸਿਆਨ ਚੀਨ ਤੋਂ ਪ੍ਰੀਕਰਸਰ ਰਸਾਇਨਾਂ ਦੀ ਦਰਾਮਦ ਤੇ ਲਾਸ ਏਂਜਲਸ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦ ਦੀ ਸਾਜ਼ਿਸ਼ ’ਚ ਸ਼ਾਮਲ ਸੀ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਬ੍ਰਦਰਜ਼ ਕੀਪਰਸ ਨਾਲ ਜੁੜੇ ਸਿਆਨ ਨੂੰ ਏਰਿਜੋਨਾ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ ਗਿਆ ਹੈ।