ਟਰੰਪ ਪ੍ਰਸ਼ਾਸਨ ਨੂੰ ਲੱਗਾ ਝਟਕਾ, ਅਦਾਲਤ ਨੇ ਜਨਮਜਾਤ ਨਾਗਰਿਕਤਾ ਅਧਿਕਾਰ ’ਤੇ ਰੋਕ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ
ਗ੍ਰੀਨਬੈਲਟ – ਅਮਰੀਕਾ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਹੇਠਲੀ ਅਦਾਲਤ ਤੋਂ ਝਟਕਾ ਮਿਲਿਆ ਹੈ। ਮੈਰੀਲੈਂਡ ਦੀ ਇਕ ਸੰਘੀ ਜੱਜ ਨੇ ਵੀਰਵਾਰ ਦੇਰ ਰਾਤ ਫ਼ੈਸਲਾ ਸੁਣਾਇਆ ਕਿ ਟਰੰਪ ਪ੍ਰਸ਼ਾਸਨ ਨਾਜਾਇਜ਼ ਜਾਂ ਅਸਥਾਈ ਤੌਰ ’ਤੇ ਰਹਿਣ ਵਾਲੇ ਲੋਕਾਂ ਦੇ ਪੈਦਾ ਹੋਏ ਬੱਚਿਆਂ ਦੀ ਨਾਗਰਿਕਤਾ ’ਤੇ ਰੋਕ ਨਹੀਂ ਲਗਾ ਸਕਦਾ। ਜਨਮਜਾਤ ਨਾਗਰਿਕਤਾ ਨਾਲ ਜੁੜੇ ਅਮਰੀਕੀ ਸਰਬਉੱਚ ਅਦਾਲਤ ਦੇ ਜੂਨ ਦੇ ਇਕ ਅਹਿਮ ਫ਼ੈਸਲੇ ਤੋਂ ਬਾਅਦ ਤੋਂ ਇਹ ਚੌਥਾ ਅਦਾਲਤੀ ਫ਼ੈਸਲਾ ਹੈ।
ਅਮਰੀਕੀ ਡਿਸਟ੍ਰਿਕਟ ਜੱਜ ਡੇਬੋਰਾ ਬੋਰਡਮੈਨ ਨੇ ਇਹ ਫ਼ੈਸਲਾ ਸੁਣਾਇਆ ਹੈ। ਬੋਰਡਮੈਨ ਨੇ ਫਰਵਰੀ ’ਚ ਪੂਰੇ ਦੇਸ਼ ’ਚ ਟਰੰਪ ਦੇ ਇਸ ਹੁਕਮ ’ਤੇ ਰੋਕ ਲਗਾਉਣ ਦੇ ਸਬੰਧ ’ਚ ਸ਼ੁਰੂਆਤੀ ਰੋਕ ਜਾਰੀ ਕੀਤੀ ਸੀ। ਬੋਰਡਮੈਨ ਨੇ ਫ਼ੈਸਲਾ ਸੁਣਾਇਆ ਕਿ 19 ਫਰਵਰੀ 2025 ਤੋਂ ਬਾਅਦ ਅਮਰੀਕਾ ’ਚ ਜੰਮੇ ਉਨ੍ਹਾਂ ਸਾਰੇ ਬੱਚਿਆਂ ਨੂੰ ਨਾਗਰਿਕਤਾ ਪਾਉਣ ਦਾ ਹੱਕ ਹੈ, ਜੋ ਟਰੰਪ ਦੇ ਹੁਕਮ ਦਾ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ, ਜੂਨ ’ਚ ਸਰਬਉੱਚ ਅਦਾਲਤ ਨੇ ਕਿਹਾ ਸੀ ਕਿ ਹੇਠਲੀਆਂ ਅਦਾਲਤਾਂ ਆਮ ਤੌਰ ’ਤੇ ਰਾਸ਼ਟਰ ਪੱਧਰੀ ਰੋਕ ਜਾਰੀ ਨਹੀਂ ਕਰ ਸਕਦੀਆਂ ਪਰ ਉਨ੍ਹਾਂ ਨੂੰ ਹੋਰਨਾਂ ਅਦਾਲਤੀ ਹੁਕਮਾਂ ਨੂੰ ਖ਼ਾਰਜ ਨਹੀਂ ਕੀਤਾ ਸੀ।