ਅਜੌਕੇ ਸਮੇਂ ਚ ਬੇਆਸਰਿਆਂ ਦਾ ਆਸਰਾ ਬਨਣ ਦੀ ਵਧੇਰੇ ਲੋੜ- ਗੁਰਪ੍ਰੀਤ ਸਿੰਘ ਮਿੰਟੂ
ਮੈਲਬੌਰਨ- ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਸੰਗਤ ਵਲੋਂ ਬੀਤੇ ਦਿਨੀ ਮੈਲਬੌਰਨ ਦੇ ਦੱਖਣ ਪੂਰਬ ਚ ਸਥਿਤ ਇਲਾਕੇ ਪੁਆਇੰਟ ਕੁੱਕ ਵਿੱਖੇ ਸਥਿਤ ਸੀਜ਼ਨ ਫਾਇਵ ਰਿਜ਼ੋਰਟ ਵਿੱਖੇ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਸੁਸਾਇਟੀ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਮਿੰਟੂ ਦੀ ਮੈਲਬੌਰਨ ਵਿੱਖੇ ਆਮਦ ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਸਮਾਗਮ ਵਿੱਚ ਗੁਰਪ੍ਰੀਤ ਮਿੰਟੂ ਦੇ ਵਿਚਾਰ ਸੁਨਣ ਲਈ ਪਹੁੰਚੀਆਂ ਹੋਈਆਂ ਸਨ। ਸਮਾਗਮ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਸੰਗਤ ਦੇ ਭਾਈ ਬਲਵਿੰਦਰ ਸਿੰਘ ਤੇ ਭਾਈ ਰਤਨ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ ਇਸ ਮੌਕੇ ਜਿੱਥੇ ਉਨਾਂ ਮਨੁੱਖਤਾ ਦੀ ਸੇਵਾ ਸੰਸਥਾ ਵਲੋ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ, ਉੱਥੇ ਹੀ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਦੇ ਕੰਮਾ ਬਾਰੇ ਵੀ ਜਾਣੂ ਕਰਵਾਇਆ। ਇਸ ਮੋਕੇ ਗੁਰਪ੍ਰੀਤ ਸਿੰਘ ਮਿੰਟੂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਮੇ ਪੰਜਾਬ ਵਿੱਚ ਹਾਲਾਤ ਇਹੋ ਜਿਹੇ ਹਨ ਕਿ ਇਲਾਜ ਵਿੱਤੋ ਬਾਹਰ ਹੋਏ ਪਏ ਹਨ ਤੇ ਸਰਕਾਰਾਂ ਵੀ ਕੁਝ ਜਿਆਦਾ ਨਹੀ ਕਰ ਪਾ ਰਹੀਆਂ ਹਨ ਤੇ ਇਸ ਕਾਰਨ ਪੰਜਾਬ ਵਿੱਚ ਆਸ਼ਰਮ ਖੁੱਲ ਰਹੇ ਹਨ।
ਉਨਾਂ ਕਿਹਾ ਕਿ ਇਸ ਸਮੇ ਗਰੀਬ ਤੇ ਬੇਸਹਾਰਾ ਲੋਕਾਂ ਲਈ ਇਲਾਜ ਕਰਾਉਣਾ ਤੇ ਉਨਾਂ ਨੂੰ ਮਾਨਸਿਕ ਤਨਾਅ ‘ਚੋ ਕੱਢਣਾ ਬਹੁਤ ਵੱਡਾ ਵਿਸ਼ਾ ਹੈ ਤੇ ਇਸ ਵਿਸ਼ੇ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕ ਆਪਣਿਆਂ ਨੂੰ ਹੀ ਲਵਾਰਿਸ ਬਣਾ ਕੇ ਸੜਕਾਂ ਤੇ ਛੱਡ ਦਿੰਦੇ ਹਨ। ਜਿੱਥੇ ਉਨਾਂ ਦੀ ਜ਼ਿੰਦਗੀ ਨਰਕ ਤੋ ਵੀ ਭੈੜੀ ਹੀ ਜ਼ਾਂਦੀ ਹੈ। ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਕਿਸੇ ਨੂੰ ਇਸ ਬਾਬਤ ਧਿਆਨ ਦੇਣਾ ਚਾਹਿਦਾ ਹੈ, ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਪਿੰਡਾਂ ਵਿੱਚ ਸੰਪਰਕ ਕਰਕੇ ਇਸ ਬਾਬਤ ਕਮੇਟੀਆਂ ਬਣਾ ਕੇ ਆਪਣੇ ਪਿੰਡਾਂ ਚੋ ਪਾਰਟੀਬਾਜੀ ਤੇ ਧਰਮ ਜਾਤ ਪਾਤ ਤੋ ਉਠ ਕੇ ਅਜਿਹੇ ਗਰੀਬ, ਬੇਸਹਾਰਾ- ਲਵਾਰਿਸ ਲੋਕਾਂ ਦੀ ਪਛਾਣ ਕਰਕੇ ਉਨਾਂ ਦੀ ਪਿੰਡ ਪੱਧਰ ਤੇ ਹੀ ਮਦਦ ਕਰਨੀ ਚਾਹਿਦੀ ਹੈ ਤਾਂ ਜੋ ਉਹ ਸੜਕਾਂ ਤੇ ਨਾਂ ਰੁਲਣ ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨਾ ਹੋਣ ਤੇ ਇਸ ਨਾਲ ਇਲਾਜ ਆਦਿ ਕਰਾਉਣ ਦੀਆਂ ਫਰਜ਼ੀ ਵੀਡਿੳਜ਼ ਪਾ ਕੇ ਪੈਸੇ ਉਗਰਾਹੁਣ ਵਾਲਿਆਂ ਨੂੰ ਵੀ ਠੱਲ ਪਵੇਗੀ।
ਇਸ ਮੌਕੇ ਬੈਂਡਿਗੌ ਤੋ ਕੋਸ਼ਲਰ ਸ਼ਿਵਾਲੀ ਚੈਟਲੇ ਨੇ ਕਿਹਾ ਕਿ ਇਸ ਸਮੇ ਬਹੁਤਾਤ ਲੋਕ ਮਾਨਸਿਕ ਤਨਾਅ ‘ਚੋਂ ਨਿਕਲ ਰਹੇ ਹਨ ਤੇ ਕਿਸੇ ਨੂੰ ਇਸ ਬਾਰੇ ਦਸ ਨਹੀਂ ਪਾਉਂਦੇ ਤੇ ਉਹ ਖੁਦ ਵੀ ਇਸ ਦੌਰ ‘ਚੋ ਨਿਕਲੇ ਹਨ, ਪਰੰਤੂ ਇਸ ਤਨਾਅ ਭਰੀ ਜ਼ਿੰਦਗੀ ਵਿੱਚੋ ਕੱਢਣ ਲਈ ਇਸ ਸਮੇਂ ਵਧੇਰੇ ਕੰਮ ਕਰਨ ਦੀ ਜਰੂਰਤ ਦੇ ਨਾਲ ਵਧੇਰੇ ਜਾਗਰੂਕਤਾ ਦੀ ਵੀ ਲੋੜ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।
ਇਸ ਮੌਕੇ ਗਾਇਕ ਹਰਪਾਲ ਸਿੰਘ ਵਡਾਲੀ ਵੱਲੋ ਆਪਣੀ ਰਚਨਾ ਪੇਸ਼ ਕੀਤੀ ਗਈ ਤੇ ਮੰਚ ਸੰਚਾਲਨ ਰਸਨਾ ਕੌਰ ਬਾਖੂਬੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਸਥਾ ਦੇ ਪ੍ਰਬੰਧਕ ਜਵਾਹਰਜੀਤ ਸਿੰਘ ਦਾਖਾ ਵਲੋ ਆਏ ਹੋਏ ਸਮੂਹ ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ ਮੈਲਬੌਰਨ ਲੰਮੇ ਸਮੇਂ ਤੇ ਪੰਜਾਬ ਵਿੱਚ ਲੋੜਬੰਦ ਬੱਚਿਆਂ ਦੀ ਪੜਾਈ ਤੇ ਮੁੱਢਲੀਆਂ ਲੋੜਾਂ ਲਈ ਹਿੱਸਾ ਪਾਉਂਦੀ ਆ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸ਼ੋਕਰ, ਮਿੱਕੀ ਮੱਕੜ, ਸ਼ੁਕਰਾਨਾ ਚੋਪੜਾ, ਸਿਮਰਨ ਖੱਟੜਾ, ਰੁਪਿੰਦਰ ਗਰੇਵਾਲ,ਹਰਵੀਰ ਪੱਲਾ, ਤਲਵਿੰਦਰ ਸਿੰਘ, ਲਵਪ੍ਰੀਤ ਸਿੰਘ ਕੋੜਾ, ਰਵਿੰਦਰ ਸਿੰਘ ਭੱਠਲ, ਕਸਮੀਰ ਸਿੰਘ ਗਿੱਲ ਸੋਹੀ ਕੇਟਰਿੰਗ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।
