ਸੰਯੁਕਤ ਕਿਸਾਨ ਮੋਰਚਾ ਵੱਲੋਂ ਲੈਂਡ ਪੂਲਿੰਗ ਨੀਤੀ ਵਿਰੁੱਧ ਟਰੈਕਟਰ ਮਾਰਚ
ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵੱਲੋਂ ਲੈਂਡ ਪੂਲਿੰਗ ਨੀਤੀ ਵਿਰੁੱਧ ਤਰਨਤਾਰਨ ਨੇੜਲੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਵਿਸ਼ਾਲ ਟਰੈਕਟਰ ਤੇ ਵਾਹਨਾਂ ਸਣੇ ਵਿਸ਼ਾਲ ਮਾਰਚ ਕੀਤਾ ਗਿਆ। ਅੱਜ ਦਾ ਟਰੈਕਟਰ ਮਾਰਚ ਤਰਨਤਾਰਨ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਅੱਗੋਂ ਹੁੰਦਾ ਹੋਇਆ ਪਿੰਡ ਅਲਾਦੀਨਪੁਰ, ਜੋਧਪੁਰ ਤੇ ਚੁਤਾਲਾ ਵਿਖੇ ਖਤਮ ਕੀਤਾ ਗਿਆ। ਪੰਜਾਬ ਸਰਕਾਰ ਵਿਰੁੱਧ ਮਾਰਚ ਦੀ ਅਗਵਾਈ ਨਛੱਤਰ ਸਿੰਘ ਮੁਗਲਚੱਕ, ਦਲਜੀਤ ਸਿੰਘ ਦਿਆਲਪੁਰ, ਤਰਸੇਮ ਸਿੰਘ ਲੁਹਾਰ, ਪੂਰਨ ਸਿੰਘ ਮਾੜੀਮੇਘਾ, ਰਤਨ ਸਿੰਘ ਢੰਡ, ਭੁਪਿੰਦਰ ਸਿੰਘ ਪੰਡੋਰੀ, ਸੁਲੱਖਣ ਸਿੰਘ, ਪਰਗਟ ਸਿੰਘ ਮਹਿਦੀਪੁਰ ਤੇ ਲਖਬੀਰ ਸਿੰਘ ਨਿੱਜਰ ਨੇ ਕਿਹਾ ਕਿ ਭਗਵੰਤ ਮਾਨ ਦੀ ਲੈਂਡ ਪੂਲਿੰਗ ਨੀਤੀ ਹੁਣ ਤੱਕ ਦੀ ਸਭ ਤੋਂ ਨਖਿੱਧ ਨੀਤੀ ਹੈ ਜਿਹੜੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਖੋਂਹਦੀ ਹੈ ਤੇ ਬਾਕੀ ਪੇਂਡੂ ਵਾਸੀ ਮਜ਼ਦੂਰ ਦੁਕਾਨਦਾਰ ਆਦਿ ਨੂੰ ਬਿਲਕੁਲ ਕੁਝ ਨਹੀਂ ਗਿਣਦੀ। ਉਨ੍ਹਾਂ ਅੱਗੇ ਕਿਹਾ ਕਿ ਕਿੱਡਾ ਅਜੀਬ ਸੌਦਾ ਹੈ ਕਿ ਕਿਸਾਨ ਤੋਂ ਇਕ ਏਕੜ ਲੈ ਕੇ ਡੇਢ ਕਨਾਲ ਕਿਸਾਨ ਨੂੰ ਵਾਪਸ ਦੇਣੀ ਹੈ ਤੇ ਸਾਢੇ ਛੇ ਕਨਾਲ ਸਰਕਾਰੀ ਕਰਿੰਦੇ ਹੜੱਪਣਗੇ। ਪਹਿਲਾਂ ਹੀ ਸ਼ਹਿਰਾਂ ਨੇੜੇ ਪ੍ਰਾਈਵੇਟ ਕੰਪਨੀਆਂ ਵੱਲੋਂ ਕਾਲੋਨੀਆਂ ਲਈ ਖਰੀਦੀਆਂ ਜ਼ਮੀਨਾਂ ਜੋ ਹਜ਼ਾਰਾਂ ਏਕੜ ਹਨ, ਪਿਛਲੇ ਕਈ ਸਾਲਾਂ ਤੋਂ ਵਿਹਲੀਆਂ ਪਈਆਂ ਹਨ। ਤਰਨਤਾਰਨ ਜ਼ਿਲ੍ਹੇ ’ਚ ਗੋਇੰਦਵਾਲ ਵਿਖੇ ਅੱਜ ਤੋਂ 50 ਸਾਲ ਪਹਿਲਾਂ ਖ਼ਰੀਦੀ ਹਜ਼ਾਰਾਂ ਏਕੜ ਜ਼ਮੀਨ ਵਿਹਲੀ ਪਈ ਹੈ। ਇਸ ਤਰ੍ਹਾਂ ਪੰਜਾਬ ਦੀ ਉਪਜਾਊ ਜ਼ਮੀਨ ਬੰਜਰ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਸਮੁੱਚੀ ਸਰਕਾਰ ਝੂਠ ਬੋਲ ਰਹੇ ਹਨ ਕਿ ਇਸ ਲੈਂਡ ਪੂਲਿੰਗ ਨੀਤੀ ਨਾਲ ਕਿਸਾਨਾਂ ਦੀ ਸਹਿਮਤੀ ਹੈ। ਜਦੋਂਕਿ ਕਿਸਾਨਾਂ ਨੇ ਪ੍ਰਣ ਕੀਤਾ ਹੈ ਕਿ ਇਕ ਇੰਚ ਜ਼ਮੀਨ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਲੈਂਡ ਪੂਲਿੰਗ ਨੀਤੀ 2013 ਦੀ ਜ਼ਮੀਨ ਅਪਨਾਉਣ ਦੀ ਨੀਤੀ ਦੇ ਵੀ ਵਿਰੁੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਵਲਟੋਹਾ, ਸੁਖਚੈਨ ਸਿੰਘ ਸਰਹਾਲੀ ਖੁਰਦ, ਮਨਜੀਤ ਸਿੰਘ ਬੱਗੂ, ਤਾਰਾ ਸਿੰਘ ਸਰਹਾਲੀ , ਮਿਹਰ ਸਿੰਘ ਸਖੀਰਾ, ਦਵਿੰਦਰ ਸੋਹਲ, ਮਨਿੰਦਰ ਸਿੰਘ ਲਾਲੀ, ਸੁਖਦੇਵ ਸਿੰਘ ਤੁੜ, ਮਿਹਰ ਸਿੰਘ ਚੁਤਾਲਾ, ਗੁਰਦੇਵ ਸਿੰਘ ਪੀਰਮੁਹੰਮਦ, ਅਮੋਲਕ ਸਿੰਘ ਗੋਰਖਾ, ਪਰਗਟ ਸਿੰਘ ਜਾਮਾਰਾਏ, ਸਵਿੰਦਰ ਸਿੰਘ ਚੁਤਾਲਾ ਸੰਘਰਸ਼ ਕਮੇਟੀ, ਗੁਰਪ੍ਰੀਤ ਗੰਡੀਵਿੰਡ, ਨਾਜ਼ਰ ਸਿੰਘ ਸਰਹਾਲੀ ਨੇ ਵੀ ਸੰਬੋਧਨ ਕੀਤਾ।
