National

ਕਾਰਪੋਰੇਟ ਖੇਤਰ ਦੇਸ਼ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ: ਮੁਰਮੂ

ਨਵੀਂ ਦਿੱਲੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਕਾਰਪੋਰੇਟ ਖੇਤਰ ਦੇਸ਼ ਦੇ ਆਰਥਿਕ ਵਾਧੇ ਅਤੇ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ। ਭਾਰਤੀ ਕਾਰਪੋਰੇਟ ਕਾਨੂੰਨ ਸੇਵਾ ਦੇ ਪ੍ਰਬੇਸ਼ਨਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੈਸਲੇ ਨਾ ਸਿਰਫ਼ ਨੀਤੀਆਂ ਅਤੇ ਨੇਮਾਂ ਨੂੰ ਪ੍ਰਭਾਵਿਤ ਕਰਨਗੇ, ਬਲਕਿ ਦੇਸ਼ ਦੀਆਂ ਸੰਸਥਾਵਾਂ ਵਿੱਚ ਨਾਗਰਿਕਾਂ ਅਤੇ ਨਿਵੇਸ਼ਕਾਂ ਦੇ ਭਰੋਸੇ ਨੂੰ ਵੀ ਪ੍ਰਭਾਵਿਤ ਕਰਨਗੇ।

ਰਾਸ਼ਟਰਪਤੀ ਨੇ ਕਿਹਾ, ‘‘ਕਾਰਪੋਰੇਟ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਅਤੇ ਐਨਫੋਰਸਮੈਂਟ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀਆਂ ਦੇ ਰੂਪ ਵਿੱਚ ਤੁਹਾਡੀ ਭੂਮਿਕਾ ਅਜਿਹੇ ਕਾਰੋਬਾਰੀ ਮਾਹੌਲ ਦਾ ਪਾਲਣ ਪੋਸ਼ਣ ਕਰਨ ’ਤੇ ਕੇਂਦਰਿਤ ਹੋਵੇਗੀ ਜੋ ਪਾਰਦਰਸ਼ੀ, ਜਵਾਬਦੇਹ ਅਤੇ ਨਵੀਨਤਾ ਤੇ ਉੱਦਮਤਾ ਲਈ ਅਨੁਕੂਲ ਹੋਵੇ।’’ ਮੁਰਮੂ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ ਟਰੇਨੀਆਂ ਨੂੰ ਕਿਹਾ, ‘‘ਕਾਰਪੋਰੇਟ ਖੇਤਰ ਸਾਡੇ ਦੇਸ਼ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ।

2013 ਦੇ ਕੰਪਨੀ ਐਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਹ ਯਕੀਨੀ ਬਣਾਉਣ ਦੀ ਉਨ੍ਹਾਂ ਦੀ ਜ਼ਿੰਮੇਵਾਰੀ ’ਤੇ ਚਾਨਣਾ ਪਾਇਆ ਕਿ ਕਾਨੂੰਨ ਨੂੰ ਨਾ ਸਿਰਫ਼ ਲਾਗੂ ਕੀਤਾ ਜਾਵੇ, ਬਲਕਿ ਉਸ ਨੂੰ ਸਮਝਿਆ ਜਾਵੇ, ਉਸ ਦਾ ਸਨਮਾਨ ਕੀਤਾ ਜਾਵੇ ਅਤੇ ਇਸ ਤਰ੍ਹਾਂ ਲਾਗੂ ਕੀਤਾ ਜਾਵੇ ਕਿ ਸਾਰਿਆਂ ਲਈ ਨਿਆਂ, ਨਿਰਪੱਖਤਾ ਅਤੇ ਮੌਕਿਆਂ ਨੂੰ ਬੜ੍ਹਾਵਾ ਮਿਲੇ।