ਵਿਧਾਨ ਪਰਿਸ਼ਦ ’ਚ ਨਿਤੀਸ਼ ਤੇ ਰਾਬੜੀ ਵਿਚਾਲੇ ਮੁੜ ਤਕਰਾਰ
ਪਟਨਾ-ਬਿਹਾਰ ਵਿਧਾਨ ਪਰਿਸ਼ਦ ਵਿੱਚ ਅੱਜ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਵਿਰੋਧੀ ਧਿਰ ਦੀ ਨੇਤਾ ਰਾਬੜੀ ਦੇਵੀ ਵਿਚਾਲੇ ਇੱਕ ਵਾਰ ਫਿਰ ਤਕਰਾਰ ਦੇਖਣ ਨੂੰ ਮਿਲੀ। ਨਿਤੀਸ਼ ਕੁਮਾਰ ਨੇ ਰਾਬੜੀ ਦੇਵੀ ਨੂੰ ਕਿਹਾ ਕਿ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਦੀ ਪਤਨੀ ਹੋਣ ਤੋਂ ਇਲਾਵਾ ਉਸ ਦਾ ਕੋਈ ਮਹੱਤਵ ਨਹੀਂ ਹੈ। ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਅੱਜ ਉਸ ਵੇਲੇ ਨਾਰਾਜ਼ ਹੋ ਗਏ, ਜਦੋਂ ਵਿਧਾਨ ਪਰਿਸ਼ਦ ਵਿੱਚ ਆਰਜੇਡੀ ਦੇ ਮੈਂਬਰ ਹਰੇ ਰੰਗ ਦੇ ਬੈਜ ਲਾ ਕੇ ਪਹੁੰਚੇ। ਇਨ੍ਹਾਂ ਬੈਜਾਂ ’ਤੇ ਲਿਖਿਆ ਸੀ ਕਿ ਸੂਬੇ ਵਿੱਚ ਪੱਛੜੀਆਂ ਜਾਤੀਆਂ ਲਈ ‘ਤੇਜਸਵੀ ਸਰਕਾਰ’ ਨੇ ਰਾਖਵਾਂਕਰਨ ਵਧਾ ਦਿੱਤਾ ਸੀ ਪਰ ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ। ਹਰਾ ਰੰਗ ਆਰਜੇਡੀ ਦੇ ਝੰਡੇ ਦਾ ਰੰਗ ਹੈ।
ਨਿਤੀਸ਼ ਕੁਮਾਰ ਆਪਣੇ ਸਾਬਕਾ ਸਹਿਯੋਗੀ ਵੱਲੋਂ ਇਸ ਕਦਮ ਦਾ ਸਿਹਰਾ ਲੈਣ ਦੀ ਕੀਤੀ ਗਈ ਕੋਸ਼ਿਸ਼ ਤੋਂ ਸਪੱਸ਼ਟ ਤੌਰ ’ਤੇ ਨਾਰਾਜ਼ ਨਜ਼ਰ ਆਏ। ਉਨ੍ਹਾਂ ਵਿਧਾਨ ਪਰਿਸ਼ਦ ਵਿੱਚ ਇੱਕ (ਆਰਜੇਡੀ) ਮੈਂਬਰ ਨੂੰ ਖੜ੍ਹੇ ਹੋਣ ਲਈ ਕਿਹਾ ਤਾਂ ਜੋ ਬੈਜ ਅਤੇ ਉਸ ’ਤੇ ਲਿਖੇ ਨਾਅਰੇ ਸਾਫ਼ ਦਿਖਾਈ ਦੇ ਸਕਣ। ਮੀਡੀਆ ਗੈਲਰੀ ਵੱਲ ਦੇਖਦਿਆਂ ਨਿਤੀਸ਼ ਕੁਮਾਰ ਨੇ ਕਿਹਾ, ‘ਇਹ ਤਮਾਸ਼ਾ ਦੇਖੋ। ਤੁਸੀਂ ਇਹ ਸਿਰਫ਼ ਇਸ ਪਾਰਟੀ ਵਿੱਚ ਹੀ ਦੇਖ ਸਕਦੇ ਹੋ।’ ਰਾਬੜੀ ਦੇਵੀ ਆਪਣੀ ਪਾਰਟੀ ਦਾ ਮਜ਼ਾਕ ਉਡਾਏ ਜਾਣ ਖ਼ਿਲਾਫ਼ ਖੜ੍ਹੀ ਹੋਈ ਪਰ ਨਿਤੀਸ਼ ਨੇ ਉਸ ਨੂੰ ਕਿਹਾ, ‘ਤੁਸੀਂ ਇਸ ਤੋਂ ਦੂਰ ਰਹੋ। ਇਹ ਪਾਰਟੀ ਤੁਹਾਡੀ ਨਹੀਂ, ਤੁਹਾਡੇ ਪਤੀ ਦੀ ਹੈ।’ ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਅਤੇ ਰਾਬੜੀ ਦੇਵੀ ਵਿਚਾਲੇ ਸਦਨ ਵਿੱਚ ਬੀਤੇ ਕੁੱਝ ਸਮੇਂ ਤੋਂ ਸ਼ਬਦੀ ਜੰਗ ਚੱਲ ਰਹੀ ਹੈ।
ਪਟਨਾ ’ਚ ਬਿਹਾਰ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਆਰਜੇਡੀ ਦੇ ਵਿਧਾਇਕ ਆਪਣੀ ਨੇਤਾ ਰਾਬੜੀ ਦੇਵੀ ਦੀ ਅਗਵਾਈ ਹੇਠ ਰਾਜ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ। -ਫੋਟੋ:ਪੀਟੀਆਈ
ਨਵੀਂ ਦਿੱਲੀ: ਕਾਂਗਰਸ ਦੀ ਲੀਡਰਸ਼ਿਪ ਅਤੇ ਬਿਹਾਰ ਇਕਾਈ ਦੇ ਆਗੂਆਂ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਕਾਂਗਰਸ ‘ਇੰਡੀਆ’ ਗੱਠਜੋੜ ਦੀਆਂ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਵਿਧਾਨ ਸਭਾ ਚੋਣ ਲੜੇਗੀ ਅਤੇ ਮੁੱਖ ਮੰਤਰੀ ਦੇ ਚਿਹਰੇ ਅਤੇ ਸੀਟਾਂ ਦੀ ਵੰਡ ਬਾਰੇ ਕੋਈ ਵੀ ਫ਼ੈਸਲਾ ਸਾਰੀਆਂ ਭਾਈਵਾਲ ਪਾਰਟੀਆਂ ਵੱਲੋਂ ਸਾਂਝੇ ਰੂਪ ਵਿੱਚ ਲਿਆ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਧਾਨ ਸਭਾ ਚੋਣਾਂ ਲਈ ਰਣਨੀਤੀ ’ਤੇ ਚਰਚਾ ਕਰਨ ਵਾਸਤੇ ਪਾਰਟੀ ਦੀ ਬਿਹਾਰ ਇਕਾਈ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਬਾਰੇ ਖੜਗੇ ਨੇ ‘ਐਕਸ’ ’ਤੇ ਕਿਹਾ, ‘ਬਿਹਾਰ ਵਿੱਚ ਬਦਲਾਅ ਦੀ ਹਵਾ ਵਗਣ ਲੱਗ ਪਈ ਹੈ। ਅਸੀਂ ਬਿਹਾਰ ਵਿੱਚ ਅਜਿਹੀ ਸਰਕਾਰ ਲਿਆਵਾਂਗੇ ਜੋ ਵਿਕਾਸ ਯਕੀਨੀ ਬਣਾਏਗੀ ਅਤੇ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਕਰੇਗੀ।’ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਆਪਣੇ ਵਟਸਐਪ ਚੈਨਲ ’ਤੇ ਕਿਹਾ, ‘ਕਾਂਗਰਸ ਬਿਹਾਰ ਵਿੱਚ ਸਮਾਜਿਕ ਸਦਭਾਵਨਾ, ਬਰਾਬਰੀ ਅਤੇ ਲੋਕਾਂ ਦੀ ਤਰੱਕੀ ਲਈ ਸਮਰਪਿਤ ਹੈ। ਸੂਬਾ ਬਦਲਾਅ ਅਤੇ ਨਿਆਂ ਦਾ ਯੁੱਗ ਲਿਆਉਣ ਲਈ ਤਿਆਰ ਹੈ।