ਮਹੀਨਿਆਂ ਵਿੱਚ EVs ਦੀਆਂ ਕੀਮਤਾਂ ਪੈਟਰੋਲ ਕਾਰਾਂ ਦੇ ਬਰਾਬਰ ਹੋਣਗੀਆਂ: ਗਡਕਰੀ
ਨਵੀਂ ਦਿੱਲੀ- ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ (Union Road Transport and Highways Minister Nitin Gadkari) ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿੱਚ ਛੇ ਮਹੀਨਿਆਂ ਦੇ ਅੰਦਰ ਇਲੈਕਟ੍ਰਿਕ ਵਾਹਨਾਂ (EVs) ਦੀਆਂ ਕੀਮਤਾਂ ਪੈਟਰੋਲ ਵਾਹਨਾਂ ਦੇ ਬਰਾਬਰ ਹੋ ਜਾਣਗੀਆਂ।
ਕੇਂਦਰੀ ਮੰਤਰੀ ਨੇ 32ਵੇਂ ਕਨਵਰਜੈਂਸ ਇੰਡੀਆ ਅਤੇ 10ਵੇਂ ਸਮਾਰਟ ਸਿਟੀਜ਼ ਇੰਡੀਆ ਐਕਸਪੋ (32nd Convergence India and 10th Smart Cities India Expo) ਨੂੰ ਸੰਬੋਧਨ ਕਰਦਿਆਂ ਹੋਰ ਕਿਹਾ ਕਿ 212 ਕਿਲੋਮੀਟਰ ਲੰਬੇ ਦਿੱਲੀ-ਦੇਹਰਾਦੂਨ ਐਕਸੈਸ-ਕੰਟਰੋਲ ਐਕਸਪ੍ਰੈਸਵੇਅ ਦਾ ਨਿਰਮਾਣ ਕਾਰਜ ਅਗਲੇ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਛੇ ਮਹੀਨਿਆਂ ਦੇ ਅੰਦਰ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਪੈਟਰੋਲ ਵਾਹਨਾਂ ਦੀ ਲਾਗਤ ਦੇ ਬਰਾਬਰ ਹੋ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਤੀ ਦਰਾਮਦ ਬਦਲ, ਲਾਗਤ-ਪ੍ਰਭਾਵਸ਼ਾਲੀ, ਪ੍ਰਦੂਸ਼ਣ-ਮੁਕਤ ਅਤੇ ਸਵਦੇਸ਼ੀ ਉਤਪਾਦਨ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ, ਦੇਸ਼ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸੁਧਾਰ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ, “ਚੰਗੀਆਂ ਸੜਕਾਂ ਬਣਾ ਕੇ, ਅਸੀਂ ਆਪਣੀ ਲੌਜਿਸਟਿਕਸ ਲਾਗਤ ਘਟਾ ਸਕਦੇ ਹਾਂ।” ਗਡਕਰੀ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਦਾ ਭਵਿੱਖ ਬਹੁਤ ਵਧੀਆ ਹੈ ਅਤੇ ਸਰਕਾਰ ਸਮਾਰਟ ਸ਼ਹਿਰਾਂ ਅਤੇ ਸਮਾਰਟ ਆਵਾਜਾਈ ਪ੍ਰਤੀ ਵਚਨਬੱਧ ਹੈ।