Global

ਰੂਸ ਵੱਲੋਂ ਦੋ ਯੂਕਰੇਨੀ ਸ਼ਹਿਰਾਂ ’ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ

ਕੀਵ-ਰੂਸ ਵੱਲੋਂ ਅੱਜ ਯੂਕਰੇਨ ਦੇ ਦੋ ਸ਼ਹਿਰਾਂ ’ਤੇ ਵੱਡੀ ਗਿਣਤੀ ਡਰੋਨਾਂ ਤੇ ਮਿਜ਼ਾਈਲਾਂ ਨਾਲ ਕੀਤੇ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ ਤੇ 13 ਜ਼ਖਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਡੈਸਾ ਦੇ ਖੇਤਰੀ ਮੁਖੀ ਓਲੇਹ ਕਿਪਰ ਨੇ ਕਿਹਾ ਕਿ ਹਮਲੇ ’ਚ ਦੱਖਣੀ ਬੰਦਰਗਾਹ ਸ਼ਹਿਰ ਦੇ ਕੇਂਦਰ ’ਚ ਸਥਿਤ ਜਣੇਪਾ ਹਸਪਤਾਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਰਿਜਨਲ ਪ੍ਰੋਸੀਕਿਊਟਰ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਹਿਰ ਵਿੱਚ ਤਿੰਨ ਵਿਅਕਤੀ ਮਾਰੇ ਗਏ ਤੇ ਨੌਂ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਵਿਤਾਲੀ ਕਲਿਤਸ਼ਿਕੋ ਨੇ ਦੱਸਿਆ ਕਿ ਰਾਜਧਾਨੀ ’ਤੇ ਹੋਏ ਹਮਲੇ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਹਮਲੇ ਰੂਸ ਵੱਲੋਂ ਤਿੰਨ ਸਾਲਾਂ ਦੀ ਜੰਗ ਦੌਰਾਨ ਯੂਕਰੇਨ ’ਤੇ 500 ਤੋਂ ਵੱਧ ਡਰੋਨਾਂ ਨਾਲ ਕੀਤੇ ਗਏ ਸਭ ਤੋਂ ਵੱਡੇ ਹਮਲੇ ਤੋਂ ਕੁਝ ਘੰਟੇ ਬਾਅਦ ਹੋਏ ਹਨ। ਇਹ ਹਮਲੇ ਕਈ ਘੰਟਿਆਂ ਤੱਕ ਚੱਲੇ ਜਿਸ ਦੌਰਾਨ ਯੂੁਕਰੇਨੀ ਲੋਕਾਂ ਨੇ ਮੈਟਰੋ ਸਟੇਸ਼ਨਾਂ ’ਤੇ ਪਨਾਹ ਲਈ ਅਤੇ ਉੱਥੇ ਹੀ ਸੁੱੱਤੇ ਰਹੇ। ਹਮਲਿਆਂ ਤੋਂ ਬਾਅਦ ਅੱਜ ਸਵੇਰੇ ਕੀਵ ’ਚ ਫਾਇਰ ਬ੍ਰਿਗੇਡ ਅਮਲਾ ਵੱਖ-ਵੱਖ ਥਾਵਾਂ ’ਤੇ ਅੱਗ ਬੁਝਾਉਂਦਾ ਹੋਇਆ ਦਿਖਾਈ ਦਿੱਤਾ।