Punjab

ਭੇਡਪੁਰਾ ਸਕੂਲ ’ਚ ਕਿਸਾਨਾਂ ਵੱਲੋਂ ਜੌੜਾਮਾਜਰਾ ਦਾ ਘਿਰਾਓ

ਪਟਿਆਲਾ-ਇਥੋਂ ਦੇ ਪਿੰਡ ਭੇਡਪੁਰਾ ਵਿੱਚ ਸਕੂਲ ਦੇ ਸਮਾਗਮ ’ਚ ਪੁੱਜੇ ਸਾਬਕਾ ਮੰਤਰੀ ਅਤੇ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਜਦੋਂ ਉਹ ਸਮਾਗਮ ਦੀ ਸਮਾਪਤੀ ਮਗਰੋਂ ਜਾਣ ਲੱਗੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਸ਼ੰਭੂ ਮੋਰਚੇ ’ਚੋਂ ਚੋਰੀ ਹੋਏ ਕਿਸਾਨਾਂ ਦੇ ਸਾਮਾਨ ਬਾਰੇ ਸਵਾਲ ਕੀਤੇ। ਇਸ ਦੌਰਾਨ ਜਦੋਂ ਇਸੇ ਪਿੰਡ ਦੇ ਇਕ ਕਿਸਾਨ ਦੀ ਚੋਰੀ ਹੋਈ ਟਰਾਲੀ ਬਾਰੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਤਾਂ ਉਨ੍ਹਾਂ ਪੁਲੀਸ ਕਾਰਵਾਈ ਦਾ ਭਰੋਸਾ ਦਿੱਤਾ ਪਰ ਕਿਸਾਨਾਂ ਦੀ ਤਸੱਲੀ ਨਾ ਹੁੰਦਿਆਂ ਦੇਖ ਵਿਧਾਇਕ ਨੇ ਕਿਹਾ, ‘‘ਪੁਲੀਸ ਮਾਮਲੇ ਦੀ ਪੈਰਵੀ ਕਰੇਗੀ ਪਰ ਜੇ ਫਿਰ ਵੀ ਉਨ੍ਹਾਂ ਦੀ ਟਰਾਲੀ ਨਾ ਮਿਲੀ ਤਾਂ ਉਹ ਖੁਦ ਸਬੰਧਤ ਕਿਸਾਨ ਨੂੰ ਨਵੀਂ ਟਰਾਲੀ ਬਣਵਾ ਕੇ ਦੇਣਗੇ।’’ ਇਸੇ ਤਰ੍ਹਾਂ ਉਨ੍ਹਾਂ ਇਕ ਹੋਰ ਕਿਸਾਨ ਦੇ ਸਾਮਾਨ ਦੀ ਭਰਪਾਈ ਦਾ ਭਰੋਸਾ ਵੀ ਦਿੱਤਾ।