Punjab

ਹਥਿਆਰਾਂ ਦੀ ਬਰਾਮਦਗੀ ਵੇਲੇ ਮੁਕਾਬਲਾ; ਮੁਲਜ਼ਮ ਜ਼ਖ਼ਮੀ

ਅੰਮ੍ਰਿਤਸਰ-ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਜੀਵਨ ਫੌਜੀ ਦਾ ਸਾਥੀ ਅੱਜ ਅੰਮ੍ਰਿਤਸਰ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸੁਲਤਾਨਵਿੰਡ ਖੇਤਰ ’ਚ ਲਿਜਾਇਆ ਗਿਆ ਸੀ। ਜ਼ਖਮੀ ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਉਰਫ਼ ਹਰਮਨ ਵਜੋਂ ਹੋਈ ਹੈ ਜੋ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਹੈ। ਪੁਲੀਸ ਨੇ ਗੁਰਲਾਲ ਅਤੇ ਉਸ ਦੇ ਸਾਥੀ ਕਾਰਜਪ੍ਰੀਤ ਸਿੰਘ ਵਾਸੀ ਵੈਰੋਵਾਲ (ਤਰਨ ਤਾਰਨ) ਨੂੰ ਫਿਰੌਤੀ ਲਈ ਇੱਕ ਫਰਨੀਚਰ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਇਸ ਮੁਕਾਬਲੇ ਬਾਰੇ ਐਕਸ ’ਤੇ ਇਕ ਪੋਸਟ ਵਿਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਜੀਵਨ ਫੌਜੀ ਬੀਕੇਆਈ ਦਾ ਮੈਂਬਰ ਹੈ ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਲੋਕਾਂ ਤੋਂ ਫਿਰੌਤੀ ਮੰਗਦਾ ਸੀ। ਉਸ ਨੇ ਕਾਰਜਪ੍ਰੀਤ ਅਤੇ ਗੁਰਲਾਲ ਲਈ .30 ਬੋਰ ਪਿਸਤੌਲ ਦਾ ਪ੍ਰਬੰਧ ਕੀਤਾ ਸੀ। ਫੌਜੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਖੇਤਰ ਵਿੱਚ ਫਿਰੌਤੀ ਲਈ ਫਰਨੀਚਰ ਦੀ ਦੁਕਾਨ ’ਤੇ ਗੋਲੀਬਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗੁਰਲਾਲ ਸਿੰਘ ਉਰਫ਼ ਹਰਮਨ ਦੇ ਖੁਲਾਸੇ ਤੋਂ ਬਾਅਦ ਇੱਕ ਪੁਲੀਸ ਟੀਮ ਉਸ ਨੂੰ ਅਪਰਾਧ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਆਪਣੇ ਨਾਲ ਲੈ ਕੇ ਗਈ ਸੀ। ਇਸ ਕਾਰਵਾਈ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਈਆਂ ਜਿਸ ਦੇ ਜਵਾਬ ਵਿੱਚ ਪੁਲੀਸ ਨੇ ਗੋਲੀਆਂ ਚਲਾਈਆਂ ਤੇ ਗੁਰਲਾਲ ਦੀ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹੈ।