Punjab

ਅਗਨੀਵੀਰ ਅਕਾਸ਼ਦੀਪ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ

ਫ਼ਰੀਦਕੋਟ-ਜੰਮੂ ਕਸ਼ਮੀਰ ਵਿੱਚ ਦੋ ਦਿਨ ਪਹਿਲਾਂ ਸ਼ਹੀਦ ਹੋਏ ਅਕਾਸ਼ਦੀਪ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਚਾਹਿਲ ਵਿੱਚ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪ੍ਰਸ਼ਾਸਨ ਅਤੇ ਫ਼ੌਜ ਦੇ ਉੱਚ ਅਧਿਕਾਰੀ ਸ਼ਾਮਲ ਸਨ। ਅਕਾਸ਼ਦੀਪ ਸਿੰਘ ਦੀ ਲਾਸ਼ ਨੂੰ ਜੰਮੂ ਕਸ਼ਮੀਰ ਤੋਂ ਅੱਜ ਦੁਪਹਿਰ ਵੇਲੇ ਉਸ ਦੇ ਘਰ ਲਿਆਂਦਾ ਗਿਆ ਜਿੱਥੇ ਫ਼ੌਜ ਦੀ ਟੁਕੜੀ ਨੇ ਉਸ ਨੂੰ ਸਲਾਮੀ ਦਿੱਤੀ। ਇਸ ਮਗਰੋਂ ਲਾਸ਼ ਦਾ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀਨਗਰ ’ਚ ਡਿਊਟੀ ਦੌਰਾਨ ਸਿਰ ’ਚ ਗੋਲੀ ਲੱਗਣ ਕਾਰਨ ਅਕਾਸ਼ਦੀਪ ਦੀ ਮੌਤ ਹੋ ਗਈ ਸੀ।

ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਵੱਲੋਂ ਅਕਾਸ਼ਦੀਪ ਸਿੰਘ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਗਨੀਵੀਰ ਆਕਾਸ਼ਦੀਪ ਦੀ ਲਾਸ਼ ਪਿੰਡ ਪਹੁੰਚਣ ਤੋਂ ਪਹਿਲਾਂ ਉਸ ਦੀ ਮਾਂ ਦੀ ਹਾਲਤ ਅਚਾਨਕ ਵਿਗੜ ਗਈ। ਉਸ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਤੇ ਹਸਪਤਾਲ ਵਿੱਚ ਲਿਜਾਣਾ ਪਿਆ। ਅਕਾਸ਼ਦੀਪ ਸਿੰਘ ਦੋ ਸਾਲ ਪਹਿਲਾਂ ਅਗਨੀਵੀਰ ਯੂਨਿਟ ਵਿੱਚ ਭਰਤੀ ਹੋਇਆ ਸੀ ਅਤੇ ਉਹ ਦੋ ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ। ਉਸ ਨੇ ਮੌਤ ਤੋਂ ਕੁਝ ਸਮਾਂ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਅਗਨੀਵੀਰ ਨੂੰ ਦੇਸ਼ ਦਾ ਸ਼ਹੀਦ ਮੰਨਦੀ ਹੈ ਅਤੇ ਉਸ ਨੂੰ ਸ਼ਹੀਦ ਵਾਲੇ ਸਾਰੇ ਸਨਮਾਨ ਦਿੱਤੇ ਜਾਣਗੇ।

ਸਸਕਾਰ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਫ਼ਰੀਦਕੋਟ ਮੇਜਰ ਡਾ. ਵਰੁਣ ਕੁਮਾਰ ਨੇ ਪਿੰਡ ਚਹਿਲ ਵਿੱਚ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅਗਨੀਵੀਰ ਦੀ ਦੇਹ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ।