Global

ਭਾਰਤ ਤੇ ਨੇਪਾਲ ਵੱਲੋਂ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਲਈ ਸਮਝੌਤੇ

ਕਾਠਮੰਡੂ-ਭਾਰਤ ਤੇ ਨੇਪਾਲ ਨੇ ਗੁਆਂਢੀ ਮੁਲਕ (ਨੇਪਾਲ) ਵਿੱਚ ਵਧੇਰੇ ਪ੍ਰਭਾਵ ਪਾਉਣ ਵਾਲੇ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ ਲਈ 10 ਸਮਝੌਤਿਆਂ (ਐੱਮਓਯੂਜ਼) ’ਤੇ ਸਹੀ ਪਾਈ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਭਾਰਤ 62.5 ਕਰੋੜ ਨੇਪਾਲੀ ਰੁਪਏ ਦੀ ਮਦਦ ਕਰੇਗਾ। ਇਕ ਅਧਿਕਾਰਤ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਦੂਤਘਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਸਿੱਖਿਆ, ਸਿਹਤ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵਿਕਾਸ ਲਈ ਬੀਤੇ ਦਿਨ ਦੋਵੇਂ ਦੇਸ਼ਾਂ ਵੱਲੋਂ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਗਏ। ਦੂਤਾਵਾਸ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਜਾਰੀ ਪੋਸਟ ਵਿੱਚ ਦੱਸਿਆ, ‘‘ਇਨ੍ਹਾਂ ਉੱਚ ਪ੍ਰਭਾਵ ਵਾਲੇ ਕਮਿਊਨਿਟੀ ਵਿਕਾਸ ਪ੍ਰਾਜੈਕਟਾਂ (ਐੱਚਆਈਸੀਡੀਪੀ) ਦਾ ਨਿਰਮਾਣ ਨੇਪਾਲ-ਭਾਰਤ ਵਿਕਾਸ ਸਹਿਯੋਗ ਤਹਿਤ ਸਿੱਖਿਆ, ਸਿਹਤ ਅਤੇ ਸੱਭਿਆਚਾਰਕ ਖੇਤਰਾਂ ’ਚ ਕੀਤਾ ਜਾ ਰਿਹਾ ਹੈ।’’ ਪ੍ਰੈੱਸ ਬਿਆਨ ਮੁਤਾਬਕ ਇਨ੍ਹਾਂ ਪ੍ਰਾਜੈਕਟਾਂ ਦੇ ਅਮਲ ਨਾਲ ‘ਨੇਪਾਲ ਦੇ ਲੋਕਾਂ ਨੂੰ ਬਿਹਤਰ ਸਿੱਖਿਆ, ਸਿਹਤ ਦੇਖਭਾਲ ਅਤੇ ਸੱਭਿਆਚਾਰਕ ਸਹੂਲਤਾਂ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ।’’ ਇਨ੍ਹਾਂ ਪ੍ਰਾਜੈਕਟਾਂ ਵਿੱਚ ਤਿੰਨ ਸਕੂਲਾਂ, ਇਕ ਮੱਠ ਅਤੇ ਇਕ ਸਕੂਲ ਵਿੱਚ ਈ-ਲਾਇਬ੍ਰੇਰੀ ਤੇ ਦੋ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਸ਼ਾਮਲ ਹੈ। ਇਸ ਦੇ ਨਾਲ ਹੀ, ਭਾਰਤ ਨੇ 2003 ਤੋਂ ਹੁਣ ਤੱਕ ਨੇਪਾਲ ਵਿੱਚ 573 ਤੋਂ ਜ਼ਿਆਦਾ ਐੱਚਆਈਸੀਡੀਪੀ ਪ੍ਰਾਜੈਕਟ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿੱਚੋਂ 495 ਪ੍ਰਾਜੈਕਟ ਪੂਰੇ ਹੋ ਚੁੱਕੇ ਹਨ।