Global

ਇਜ਼ਰਾਈਲ ਨੇ ਵੱਡੇ ਇਲਾਕੇ ’ਤੇ ਕਬਜ਼ੇ ਲਈ ਗਾਜ਼ਾ ਪੱਟੀ ’ਚ ਮੁਹਿੰਮ ਵਿੱਢੀ

ਯੇਰੂਸ਼ਲਮ-ਗਾਜ਼ਾ ਪੱਟੀ ’ਚ ਵੱਡੇ ਇਲਾਕਿਆਂ ’ਤੇ ਕਬਜ਼ਾ ਕਰਨ ਦੇ ਮਕਸਦ ਨਾਲ ਇਜ਼ਰਾਈਲ ਨੇ ਫੌਜੀ ਮੁਹਿੰਮ ਸ਼ੁਰੂ ਕੀਤੀ ਹੈ। ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਬੁੱਧਵਾਰ ਨੂੰ ਇਕ ਲਿਖਤੀ ਬਿਆਨ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਅਤਿਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਅਤੇ ਇਲਾਕੇ ਨੂੰ ਸਾਫ਼ ਕਰਨ ਲਈ ਅਸੀਂ ਆਪਣੇ ਫੌਜੀ ਅਪਰੇਸ਼ਨ ਦਾ ਵਿਸਤਾਰ ਕਰ ਰਹੇ ਹਾਂ। ਇਸ ਦਾ ਉਦੇਸ਼ ਗਾਜ਼ਾ ਪੱਟੀ ਦੇ ਵੱਡੇ ਇਲਾਕਿਆਂ ’ਤੇ ਕਬਜ਼ਾ ਕਰਨਾ ਹੈ ਜਿਨ੍ਹਾਂ ਨੂੰ ਇਜ਼ਰਾਈਲ ਦੇ ਸੁਰੱਖਿਆ ਖੇਤਰਾਂ ’ਚ ਜੋੜਿਆ ਜਾਵੇਗਾ।’’ ਇਜ਼ਰਾਇਲੀ ਸਰਕਾਰ ਨੇ ਗਾਜ਼ਾ ਦੇ ਅੰਦਰ ਤੱਕ ਬਫ਼ਰ ਜ਼ੋਨ ਬਣਾਇਆ ਹੋਇਆ ਹੈ ਅਤੇ 2023 ’ਚ ਜੰਗ ਸ਼ੁਰੂ ਹੋਣ ਮਗਰੋਂ ਇਸ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ। ਇਜ਼ਰਾਈਲ ਆਖਦਾ ਰਿਹਾ ਹੈ ਕਿ ਮੁਲਕ ਦੀ ਸੁਰੱਖਿਆ ਲਈ ਬਫ਼ਰ ਜ਼ੋਨ ਜ਼ਰੂਰੀ ਹੈ ਜਦਕਿ ਫਲਸਤੀਨੀ ਮੰਨਦੇ ਹਨ ਕਿ ਇਹ ਉਨ੍ਹਾਂ ਦੀ ਜ਼ਮੀਨ ਹਥਿਆਉਣ ਦਾ ਢੰਗ-ਤਰੀਕਾ ਹੈ। ਕਾਟਜ਼ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮੁਹਿੰਮ ਦੌਰਾਨ ਗਾਜ਼ਾ ਦੇ ਕਿਹੜੇ ਇਲਾਕਿਆਂ ’ਤੇ ਕਬਜ਼ਾ ਕੀਤਾ ਜਾਵੇਗਾ ਜਿਸ ’ਚ ਜੰਗ ਵਾਲੇ ਇਲਾਕਿਆਂ ’ਚੋਂ ਆਬਾਦੀ ਨੂੰ ਵੱਡੇ ਪੱਧਰ ’ਤੇ ਕੱਢਣਾ ਵੀ ਸ਼ਾਮਲ ਹੈ।