ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਉਸਾਰੀਆਂ ਢਾਹੀਆਂ
ਕਪੂਰਥਲਾ-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬੂਟ ’ਚ ਪੰਚਾਇਤੀ ਜ਼ਮੀਨ ਉੱਪਰ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ। ਬੀਡੀਪੀਓ (ਢਿੱਲਵਾਂ) ਮਨਜੀਤ ਕੌਰ ਦੇ ਹੁਕਮਾਂ ’ਤੇ ਪੁਲੀਸ ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਜਿਨ੍ਹਾਂ ਨਸ਼ਾ ਤਸਕਰਾਂ ਦੀਆਂ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਐੱਨਡੀਪੀਐੱਸ ਦੇ 34 ਕੇਸ ਦਰਜ ਹਨ।
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪਿੰਡ ਬੂਟ ’ਚ ਪੰਚਾਇਤੀ ਜ਼ਮੀਨ ਉੱਪਰ ਜਿਊਣਾ ਸਿੰਘ ਤੇ ਉਸ ਦੀ ਪਤਨੀ ਭਾਨੀ ਨੇ ਨਾਜਾਇਜ਼ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਢਾਹ ਦਿੱਤਾ ਗਿਆ ਹੈ। ਜਿਊਣਾ ਸਿੰਘ ਉੱਪਰ ਐੱਨਡੀਪੀਐੱਸ ਦੇ ਪੰਜ ਤੇ ਉਸ ਦੀ ਪਤਨੀ ਭਾਨੀ ਉੱਪਰ ਚਾਰ ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਸ ਤੋਂ ਇਲਾਵਾ ਸ਼ੇਰ ਸਿੰਘ ਤੇ ਉਸ ਦੇ ਪੁੱਤਰਾਂ ਕਾਲਾ ਸਿੰਘ ਤੇ ਮਹਿਤਾਬ ਸਿੰਘ ਵੱਲੋਂ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹਿਆ ਗਿਆ। ਸ਼ੇਰ ਸਿੰਘ ਵਿਰੁੱਧ ਇਕ ਤੇ ਉਸ ਦੇ ਪੁੱਤਰ ਕਾਲਾ ਸਿੰਘ ਵਿਰੁੱਧ ਐੱਨਡੀਪੀਐੱਸ ਦੇ ਪੰਜ ਅਤੇ ਮਹਿਤਾਬ ਸਿੰਘ ਵਿਰੁੱਧ ਐੱਨਡੀਪੀਐੱਸ ਦੇ ਅੱਠ ਕੇਸ ਦਰਜ ਹਨ। ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨ ਉੱਪਰ ਸੁਰਜੀਤ ਸਿੰਘ ਵੱਲੋਂ ਕੀਤੀ ਉਸਾਰੀ ਨੂੰ ਵੀ ਢਾਹਿਆ ਗਿਆ ਜਿਸ ਉੱਪਰ ਵੱਖ-ਵੱਖ ਥਾਣਿਆਂ ਵਿੱਚ ਛੇ ਕੇਸ ਦਰਜ ਹਨ। ਸ੍ਰੀ ਤੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਜੰਗੀ ਪੱਧਰ ’ਤੇ ਕਾਰਵਾਈ ਜਾਰੀ ਹੈ।