ਜਥੇਦਾਰਾਂ ਨੂੰ ਹਟਾਉਣ ਖ਼ਿਲਾਫ਼ ਖ਼ਾਲਸਾ ਦੇ ਘਰ ਬਾਹਰ ਧਰਨਾ
ਬਰਨਾਲਾ-ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਸਬੰਧੀ ਰੋਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੱਕ ਪੁੱਜ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਅੰਤਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਦੇ ਘਰ ਅੱਗੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਜਬਰਦਸਤੀ ਬਦਲਣ ਦੇ ਰੋਸ ਵਜੋਂ ਧਰਨਾ ਦਿੱਤਾ।
ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਅਜੋਕੇ ਦੌਰ ’ਚ ਸਿੱਖ ਪੰਥ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਦੇ ਦਬਾਅ ਹੇਠ ਆ ਕੇ ਜਿਹੜੇ ਫੈਸਲੇ ਕੀਤੇ ਜਾ ਰਹੇ ਹਨ, ਉਹ ਮੰਦਭਾਗੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਪਰਮਜੀਤ ਸਿੰਘ ਖ਼ਾਲਸਾ ਸ਼੍ਰੋਮਣੀ ਕਮੇਟੀ ਦੀ ਉਸ ਅੰਤਰਿੰਗ ਕਮੇਟੀ ਦਾ ਹਿੱਸਾ ਹਨ ਜਿਸ ਨੇ ਅਕਾਲ ਤਖ਼ਤ, ਤਖ਼ਤ ਦਮਦਮਾ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਅਹੁਦਿਆਂ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੈ ਅਤੇ ਉਹ ਮਤਾ ਸ਼੍ਰੋਮਣੀ ਕਮੇਟੀ ਦੇ ਸਾਰੇ ਅੰਤਰਿੰਗ ਕਮੇਟੀ ਮੈਂਬਰਾਂ ਨੂੰ ਦੇ ਰਹੇ ਹਨ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਬਜਟ ਇਜਲਾਸ ਵਿੱਚ ਤਖ਼ਤਾਂ ਦੇ ਜਥੇਦਾਰਾਂ ਸਬੰਧੀ ਫੈਸਲੇ ਨੂੰ ਬਦਲਿਆ ਜਾਵੇ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰਾ ਨੇ ਕਿਹਾ ਕਿ ਜਿਹੜੇ ਅੰਤ੍ਰਿੰਗ ਕਮੇਟੀ ਮੈਂਬਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਮੰਗ ਪੱਤਰ ’ਤੇ ਵਿਚਾਰ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਰਮਜੀਤ ਸਿੰਘ ਖ਼ਾਲਸਾ ਨਾਲ ਫੋਨ ’ਤੇ ਗੱਲਬਾਤ ਹੋਈ ਹੈ ਤੇ ਉਨ੍ਹਾਂ ਨੇ ਮੰਗਾਂ ਸਬੰਧੀ ਫੋਨ ’ਤੇ ਸਹਿਮਤੀ ਦਿੱਤੀ ਹੈ ਪਰ ਉਹ ਇਸ ਸਹਿਮਤੀ ਨੂੰ ਨਹੀਂ ਮੰਨਦੇ, ਇਸ ਕਰ ਕੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਇਹ ਸਹਿਮਤੀ ਲਿਖਤੀ ਤੌਰ ’ਤੇ ਲੈਣ ਦਾ ਯਤਨ ਕਰਨਗੇ।