Global

ਭਾਰਤ 28 ਅਪਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਦਖ਼ਲ ਦੇ ਸਕਦੈ: ਕੈਨੇਡਾ

ਓਟਵਾ-ਕੈਨੇਡਾ ਦੀ ਖੁਫ਼ੀਆ ਏਜੰਸੀ ਨੇ ਸੋਮਵਾਰ ਨੂੰ ਕਿਹਾ ਚੀਨ ਅਤੇ ਭਾਰਤ 28 ਅਪਰੈਲ ਨੂੰ ਹੋਣ ਵਾਲੀਆਂ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਦੋਂ ਕਿ ਰੂਸ ਅਤੇ ਪਾਕਿਸਤਾਨ ਵੀ ਅਜਿਹਾ ਕਰਨ ਦੇ ਸਮਰੱਥ ਹਨ। ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ ਜਦੋਂ ਓਟਵਾ ਦੇ ਭਾਰਤ ਅਤੇ ਚੀਨ ਦੋਵਾਂ ਨਾਲ ਸਬੰਧ ਠੀਕ ਹਨ। ਹਾਲਾਂਕਿ ਪੇਈਚਿੰਗ ਅਤੇ ਨਵੀਂ ਦਿੱਲੀ ਨੇ ਦਖਲਅੰਦਾਜ਼ੀ ਦੇ ਪਿਛਲੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

CSIS ਦੇ ਡਿਪਟੀ ਡਾਇਰੈਕਟਰ ਆਫ਼ ਅਪਰੇਸ਼ਨਜ਼ ਵੈਨੇਸਾ ਲੌਇਡ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦੁਸ਼ਮਣ ਰਾਜ ਦੇ ਕਾਰਕੁਨ ਚੋਣਾਂ ਵਿੱਚ ਦਖਲ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਪੀਆਰਸੀ (ਪੀਪਲਜ਼ ਰਿਪਬਲਿਕ ਆਫ਼ ਚਾਈਨਾ) ਵੱਲੋਂ ਇਸ ਮੌਜੂਦਾ ਚੋਣ ਵਿਚ ਕੈਨੇਡਾ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰਨ ਲਈ ਏਆਈ ਸਮਰੱਥ ਸਾਧਨਾਂ ਦੀ ਵਰਤੋਂ ਕਰਨ ਦੀ ਬਹੁਤ ਸੰਭਾਵਨਾ ਹੈ।’’ ਇਸ ਮਹੀਨੇ ਦੇ ਸ਼ੁਰੂ ਵਿਚ ਪੇਈਚਿੰਗ ਨੇ 2.6 ਅਰਬ ਡਾਲਰ ਤੋਂ ਵੱਧ ਦੇ ਕੈਨੇਡੀਅਨ ਖੇਤੀਬਾੜੀ ਅਤੇ ਭੋਜਨ ਉਤਪਾਦਾਂ ’ਤੇ ਟੈਰਿਫ ਦਾ ਐਲਾਨ ਕੀਤਾ, ਜੋ ਕਿ ਓਟਵਾ ਵੱਲੋਂ ਪਿਛਲੇ ਸਾਲ ਚੀਨੀ ਇਲੈਕਟ੍ਰਿਕ ਵਾਹਨਾਂ ਅਤੇ ਸਟੀਲ ਤੇ ਐਲੂਮੀਨੀਅਮ ਉਤਪਾਦਾਂ ’ਤੇ ਲਗਾਏ ਗਏ ਟੈਕਸਾਂ ਦਾ ਜਵਾਬ ਸੀ।