Global

ਮਾਰਕ ਕਾਰਨੇ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ

ਵੈਨਕੂਵਰ-ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੇ ਨੂੰ ਆਪਣਾ ਨੇਤਾ ਚੁਣਿਆ ਹੈ ਅਤੇ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ (ਟੈਕਸ) ਜੰਗ ਛੇੜੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿਚ ਸ਼ਾਮਲ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕਾਰਨੇ ਨੇ ਵੀ ਅਮਰੀਕਾ ’ਤੇ ਜਵਾਬੀ ਟੈਰਿਫ ਲਾਉਣਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਕਾਰਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਕਾਰਨੇ ਕਿਸੇ ਵੇਲੇ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਉਹ ਸੰਸਦ ਮੈਂਬਰ ਨਾ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਬਣਨਗੇ। 1984 ’ਚ ਜਸਟਿਨ ਟਰੂਡੋ ਦੇ ਪਿਤਾ ਪੀਅਰ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣਨ ਵਾਲੇ ਜੌਹਨ ਟਰਨਰ ਵੀ ਅਹੁਦਾ ਸੰਭਾਲਣ ਵੇਲੇ ਸੰਸਦ ਮੈਂਬਰ ਨਹੀਂ ਸਨ। ਆਗੂ ਦੀ ਚੋਣ ਲਈ ਮਾਰਕ ਕਾਰਨੇ ਨੂੰ 85.9 ਫੀਸਦ ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਤੇ ਦੇਸ਼ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ 8 ਫੀਸਦ, ਸਾਬਕ ਮੰਤਰੀ ਕਰੀਨਾ ਗੋਲਡ ਨੂੰ 3.2 ਫੀਸਦ ਤੇ ਫਰੈਂਕ ਬੈਲਿਸ ਨੂੰ 3 ਫੀਸਦ ਵੋਟਾਂ ਨਾਲ ਸਬਰ ਕਰਨਾ ਪਿਆ। ਕਾਰਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਹਨ ਅਤੇ ਬੈਂਕ ਆਫ ਇੰਗਲੈਂਡ ਵਿੱਚ ਵੀ ਅਹਿਮ ਅਹੁਦਿਆਂ ’ਤੇ ਸੇਵਾ ਨਿਭਾਅ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮਹੱਤਵਪੂਰਨ ਅਹੁਦਿਆਂ ’ਤੇ ਰਹਿਣ ਕਰਕੇ ਉਹ ਦੇਸ਼ ਨੂੰ ਆਰਥਿਕ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਸਫਲ ਹੋਣਗੇ। ਆਰਥਿਕ ਮਾਹਿਰ ਵਜੋਂ ਮਸ਼ਹੂਰ ਕਾਰਨੇ ਨੇ ਚੋਣ ਜਿੱਤਣ ਤੋਂ ਬਾਅਦ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਜਿਹੇ ਮੌਕੇ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ, ਜਦੋਂ ਦੇਸ਼ ਚੁਫੇਰਿਓਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਨੀਤੀਆਂ ਅਤੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇਹ ਔਖਾ ਪੈਂਡਾ ਤੈਅ ਕਰ ਲੈਣਗੇ ਤੇ ਕੈਨੇਡਾ ਦੀ ਥਿੜਕੀ ਹੋਈ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੇ ਨਾਲ-ਨਾਲ ਇਸ ਨੂੰ ਮਜ਼ਬੂਤੀ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਉਦੋਂ ਤੱਕ ਜਵਾਬੀ ਟੈਰਿਫ ਲਾਗੂ ਰੱਖੇਗਾ, ਜਦੋਂ ਤੱਕ ਅਮਰੀਕਾ ਇਸ ਨੂੰ ਜਾਰੀ ਰੱਖਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਲੜਾਈ ਸ਼ੁਰੂ ਨਹੀਂ ਕੀਤੀ ਪਰ ਜਦੋਂ ਕੋਈ ਤੰਗ ਕਰਦਾ ਹੈ ਤਾਂ ਕੈਨੇਡਾ ਵਾਸੀ ਉਸ ਨੂੰ ਛੱਡਦੇ ਵੀ ਨਹੀਂ।’ ਉਨ੍ਹਾਂ ਕਿਹਾ, ‘ਅਮਰੀਕਾ ਕੈਨੇਡਾ ਨਹੀਂ ਹੈ ਅਤੇ ਕੈਨੇਡਾ ਕਦੇ ਵੀ ਕਿਸੇ ਵੀ ਰੂਪ ਵਿੱਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ।’ ਜਸਟਿਨ ਟਰੂਡੋ ਦੀ ਬੇਟੀ ਐਲਾ ਗ੍ਰੇਸ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ’ਤੇ ਮਾਣ ਹੈ।

ਐੱਨਡੀਪੀ ਪ੍ਰਧਾਨ ਜਗਮੀਤ ਸਿੰਘ ਨੇ ਚੋਣ ਜਿੱਤਣ ’ਤੇ ਮਾਰਕ ਕਾਰਨੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਵੇਂ ਪ੍ਰਧਾਨ ਮੰਤਰੀ ਤੋਂ ਵੱਡੀਆਂ ਉਮੀਦਾਂ ਹਨ। ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਨੇ ਵੀ ਕਾਰਨੇ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਚਿਹਰੇ ਬਦਲ ਕੇ ਚੌਥੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਛੱਡ ਦੇਵੇ।