ਸਰਕਾਰ ਲੋਕ ਸਭਾ ਨਹੀਂ ਚੱਲਣ ਦੇਣਾ ਚਾਹੁੰਦੀ: ਪ੍ਰਿਯੰਕਾ
ਨਵੀਂ ਦਿੱਲੀ-ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਇੰਜ ਲੱਗ ਰਿਹਾ ਹੈ, ਜਿਵੇਂ ਸਰਕਾਰ ਨੇ ਲੋਕ ਸਭਾ ਦੀ ਕਾਰਵਾਈ ਨਾ ਚੱਲਣ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਇਸ ਸਬੰਧੀ ਰੁਕਾਵਟਾਂ ਪੈਦਾ ਕਰਨ ਲਈ ਬਹਾਨੇ ਲੱਭ ਰਹੀ ਹੈ। ਕਰਨਾਟਕ ਵਿੱਚ ਮੁਸਲਿਮ ਰਾਖਵੇਂਕਰਨ ਦੇ ਮੁੱਦੇ ’ਤੇ ਹੰਗਾਮੇ ਕਾਰਨ ਅੱਜ ਸਦਨ ਦੀ ਕਾਰਵਾਈ ਵਿੱਚ ਵਿਘਨ ਪਿਆ। ਸੰਸਦ ਦੀ ਕਾਰਵਾਈ ਦੂਜੀ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਪ੍ਰਿਯੰਕਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, ‘ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਸਦਨ ਦੀ ਕਾਰਵਾਈ ਨਾ ਚੱਲਣ ਦੇਣ ਦਾ ਮਨ ਬਣਾ ਲਿਆ ਹੈ। ਇਸੇ ਤਰ੍ਹਾਂ ਕਈ ਦਿਨ ਹੋ ਗਏ ਹਨ। ਉਹ ਹੰਗਾਮਾ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਹਨ।’
ਜ਼ਿਕਰਯੋਗ ਹੈ ਕਿ ਭਾਜਪਾ ਮੈਂਬਰ ਕਰਨਾਟਕ ਵਿੱਚ ਸਰਕਾਰੀ ਠੇਕਿਆਂ ’ਚ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦਾ ਮੁੱਦਾ ਉਠਾ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਸੂਬੇ ਦੇ ਉਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ ਨੇ ਮੁਸਲਮਾਨਾਂ ਨੂੰ ਚਾਰ ਫੀਸਦ ਰਾਖਵਾਂਕਰਨ ਦੇਣ ਲਈ ਸੰਵਿਧਾਨ ਵਿਚ ਸੋਧ ਕਰਨ ਦਾ ਸੁਝਾਅ ਦਿੱਤਾ ਸੀ। ਹਾਲਾਂਕਿ ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਧਰਮ ਆਧਾਰਤ ਰਾਖਵੇਂਕਰਨ ਲਈ ਸੰਵਿਧਾਨ ਵਿੱਚ ਸੋਧ ਕਰਨ ਲਈ ਕਦੇ ਨਹੀਂ ਕਿਹਾ।