Global

ਚੀਨ ਨਾਲ ਵਪਾਰ ਘਾਟਾ ਘਟਾਉਣ ’ਚ ਭਾਰਤ ਦੀ ਮਦਦ ਕਰ ਸਕਦੈ ਤਾਇਵਾਨ

ਨਵੀਂ ਦਿੱਲੀ-ਤਾਇਵਾਨ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਸੂ ਜ਼ੂ ਚੀਏਨਨੇ ਅੱਜ ਕਿਹਾ ਕਿ ਤਾਇਵਾਨ ਚੀਨ ਤੋਂ ਇਲੈਕਟ੍ਰੌਨਿਕ ਉਪਕਰਨਾਂ ਦੀ ਦਰਾਮਦ ਘਟਾਉਣ ’ਚ ਭਾਰਤ ਦੀ ਮਦਦ ਕਰ ਸਕਦਾ ਹੈ ਅਤੇ ਆਰਥਿਕ ਭਾਈਵਾਲੀ ਵਧਾਉਣ ਦਾ ਸਭ ਤੋਂ ਚੰਗਾ ਢੰਗ ਮੁਕਤ ਵਪਾਰ ਸਮਝੌਤਾ (ਐੱਫਟੀਏ) ਕਰਨਾ ਹੋਵੇਗਾ।

ਸੂ ਨੇ ਵਿਸ਼ੇਸ਼ ਇੰਟਰਵਿਊ ’ਚ ਕਿਹਾ ਕਿ ਵਪਾਰ ਸਮਝੌਤੇ ਨਾਲ ‘ਸੈਮੀਕੰਡਕਟਰ’ ਅਤੇ ਉੱਚ ਤਕਨੀਕ ਦੇ ਹੋਰ ਖੇਤਰਾਂ ’ਚ ਤਾਇਵਾਨ ਦੀਆਂ ਕੰਪਨੀਆਂ ਲਈ ਭਾਰਤ ’ਚ ਵੱਧ ਨਿਵੇਸ਼ ਦਾ ਰਾਹ ਪੱਧਰਾ ਹੋਵੇਗਾ ਅਤੇ ਇਸ ਨਾਲ ‘ਉੱਚ ਟੈਕਸ’ ਦੇ ਪ੍ਰਬੰਧ ਨਾਲ ਨਜਿੱਠਣ ’ਚ ਵੀ ਮਦਦ ਮਿਲੇਗੀ। ਭਾਰਤ ਦੇ ਪ੍ਰਮੁੱਖ ਸੰਮੇਲਨ ‘ਰਾਇਸੀਨਾ ਵਾਰਤਾ’ ਵਿੱਚ ਹਿੱਸਾ ਲੈਣ ਲਈ ਕੌਮੀ ਰਾਜਧਾਨੀ ਆਏ ਸੂ ਨੇ ਕਿਹਾ ਕਿ ਤਾਇਵਾਨ ਦੀ ਤਕਨੀਕ ਤੇ ਭੂਗੋਲਿਕ ਜ਼ਰੂਰਤਾਂ ਦੇ ਮੇਲ ਨਾਲ ਭਾਰਤ ’ਚ ਉੱਚ ਪੱਧਰੀ ਤਕਨੀਕ ਵਾਲੇ ਉਤਪਾਦਾਂ ਦਾ ਉਦਪਾਦਨ ਕੀਤਾ ਜਾ ਸਕਦਾ ਹੈ ਜਿਸ ਨਾਲ ਨਵੀਂ ਦਿੱਲੀ ਨੂੰ ਚੀਨ ਤੋਂ ਦਰਾਮਦ ਘਟਾਉਣ ’ਚ ਮਦਦ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਸੂ ਨੇ ਭਾਰਤ ਤੇ ਤਾਇਵਾਨ ਵਿਚਾਲੇ ਸਬੰਧਾਂ ਨੂੰ ਵਧਾਉਣ ਦੇ ਢੰਗਾਂ ਬਾਰੇ ਭਾਰਤੀ ਅਧਿਕਾਰੀਆਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਹੈ। ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਖਾਸ ਤੌਰ ’ਤੇ ਆਰਥਿਕ ਸਹਿਯੋਗ ਦੇ ਮਾਮਲੇ ’ਚ ਸਬੰਧਾਂ ਦੇ ਵਿਸਤਾਰ ਦੀਆਂ ਕਾਫੀ ਸੰਭਾਵਨਾਵਾਂ ਹਨ।