ਪਸਸਫ (ਵਿਗਿਆਨਿਕ)ਵੱਲੋਂ 24 ,25 ਮਾਰਚ ਦੇ ਵਿਧਾਨ ਸਭਾ ਮਾਰਚ ਲਈ ਤਿਆਰੀ ਮੀਟਿੰਗ ਕੀਤੀ ਗਈ
ਐਸ ਏ ਐਸ ਨਗਰ-(ਭਾਰਤੀ)ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ) ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਹੋਈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ 24 ਅਤੇ 25 ਮਾਰਚ ਨੂੰ ਮੋਹਾਲੀ ਵਿਖੇ ਸਾਂਝਾ ਫਰੰਟ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਸਮਾਨੰਤਰ ਸ਼ੈਸਨ ਅਤੇ ਵਿਧਾਨ ਸਭਾ ਵੱਲ ਰੋਸ ਮਾਰਚ ਅਤੇ ਮਹਾਂ ਰੈਲੀ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਉਸ ਐਕਸ਼ਨ ਦੀ ਤਿਆਰੀ ਸਬੰਧੀ ਕੀਤੀ ਗਈ। ਇਸ ਬਜਟ ਇਜਲਾਸ ਸੈਸ਼ਨ ਦੇ ਸਮਾਨੰਤਰ ਮਹਾਂਰੈਲੀ ਵਿੱਚ ਪਸਸਫ ਫੈਡਰੇਸ਼ਨ (ਵਿਗਿਆਨਿਕ) ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਸੀਨੀਅਰ ਮੀਤ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਬਿਕਰ ਸਿੰਘ ਮਾਖਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪਿਛਲੇ ਤਿੰਨ ਸਾਲਾਂ ਤੋਂ ਮੁਲਾਜ਼ਮ ਵਿਰੋਧੀ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਮੁਲਾਜ਼ਮ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਚੱਲ ਰਹੀ ਹੈ। ਕੱਚੇ ਕਾਮਿਆਂ ਨੂੰ ਪੱਕੇ ਕਰਨ ਸਬੰਧੀ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਇਸ ਸਰਕਾਰ ਵੱਲੋਂ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ, ਸਗੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਰੇ ਲਾ ਕੇ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਲਮਕਾਉਂਦੇ ਆ ਰਹੇ ਹਨ। ਸੂਬਾ ਵਿੱਤ ਸਕੱਤਰ ਗੁਲਜ਼ਾਰ ਖਾਨ ਨੇ ਕਿਹਾ ਕਿ ਸਾਂਝਾ ਫਰੰਟ ਦਾ ਘੇਰਾ ਹੋਰ ਵੱਡਾ ਕਰਕੇ ਹੀ ਸੰਘਰਸ਼ ਨੂੰ ਹੋਰ ਤਕੜਾ ਕੀਤਾ ਜਾ ਸਕਦਾ ਹੈ । ਸੂਬਾ ਜੁਆਇੰਟ ਸਕੱਤਰ ਸੁਰਿੰਦਰ ਕੰਬੋਜ ਅਤੇ ਹਰਦੀਪ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਲੋਕ ਮਾਰੂ ਨੀਤੀਆਂ ਹਨ, ਉਹਨਾਂ ਨੀਤੀਆਂ ਤੇ ਮਾਨ ਸਰਕਾਰ ਚੱਲ ਰਹੀ ਹੈ। ਇਸ ਲਈ ਹੁਣ ਸੰਘਰਸ਼ ਤੋ ਇਲਾਵਾ ਹੋਰ ਕੋਈ ਚਾਰਾ ਨਹੀ ਹੈ। ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਅਤੇ ਸਹਾਇਕ ਪ੍ਰੈੱਸ ਸਕੱਤਰ ਸੁਖਵਿੰਦਰ ਦੋਦਾ ਨੇ ਕਿਹਾ ਕਿ ਬਜਟ ਸੈਸ਼ਨ ਦੇ ਸਮਾਨ-ਅੰਤਰ ਕੀਤੇ ਜਾ ਰਹੇ ਸੰਘਰਸ਼ਾਂ ਤੋਂ ਇਲਾਵਾ ਕੇਂਦਰ ਸਰਕਾਰ ਦੀ ਯੂਨੀਫਾਈਡ ਪੈਨਸ਼ਨ ਸਕੀਮ ਜੋ ਇਕ ਅਪ੍ਰੈਲ ਤੋਂ ਕੇਂਦਰ ਦੇ ਮੁਲਾਜ਼ਮਾਂ ਤੇ ਲਾਗੂ ਹੋ ਰਹੀ ਹੈ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਪੀਐਫਆਰਡੀਏ ਬਿੱਲ ਨੂੰ ਰੱਦ ਕਰਵਾਕੇ ਪੁਰਾਣੀ ਪੈਨਸ਼ਨ ਬਹਾਲੀ ਲਈ ਬਹੁਤ ਵੱਡਾ ਸੰਘਰਸ਼ ਕਰਨ ਦੀ ਲੋੜ ਹੈ । ਇਸ ਲਈ ਅਗਲੇ ਦਿਨਾਂ ਵਿੱਚ ਯੂਨੀਫਾਈਡ ਪੈਨਸ਼ਨ ਸਕੀਮ ਦੀਆਂ ਖਾਮੀਆਂ ਬਾਰੇ ਪੋਸਟਰ ਛਾਪ ਕੇ ਅਤੇ ਪੰਜਾਬ ਵਿੱਚ ਵੱਡੀ ਕਨਵੈਂਸ਼ਨ ਕਰਕੇ ਇਸ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ। ਗੁਰਜੀਤ ਸਿੰਘ ਮੋਹਾਲੀ, ਮਦਨ ਲਾਲ ਜਲਾਲਾਬਾਦ, ਚਰਨਜੀਤ ਸਿੰਘ ਸਿੱਧੂ ਜਲਸਰੋਤ ਵਿਭਾਗ, ਰਸ਼ਮਿੰਦਰ ਪਾਲ ਸੋਨੂੰ ਜਲੰਧਰ, ਗੁਰਮੀਤ ਸਿੰਘ ਖ਼ਾਲਸਾ, ਪਰਮਲ ਧਨੌਲਾ ,ਮਨੀਸ਼ ਗਰਗ ਬਠਿੰਡਾ, ਹਿੰਮਤ ਸਿੰਘ ਦਾਦੂਵਾਲ, ਲਖਵਿੰਦਰ ਲਾਡੀ, ਗੁਰੇਕ ਸਿੰਘ ਗਿੱਲ ਵੱਲੋਂ 25 ਮਾਰਚ ਦੇ ਸਾਂਝੇ ਫਰੰਟ ਦੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਰਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।