ਛੱਪੜਾਂ ਦੀ ਸਫ਼ਾਈ ਲਈ ਵਰਤਿਆ ਜਾਣ ਵਾਲਾ ਮਾਡਲ ਫੇਲ੍ਹ: ਬਾਜਵਾ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਪ੍ਰਸ਼ਨ ਕਾਲ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ ਵਰਤੇ ਜਾ ਰਹੇ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਮਾਡਲ ਨੂੰ ਫੇਲ੍ਹ ਦੱਸਿਆ ਹੈ। ਇਸ ’ਤੇ ਵਿਧਾਨ ਸਭਾ ਵਿੱਚ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਆਗੂ ਆਹਮੋ-ਸਾਹਮਣੇ ਆ ਗਏ।
ਅੱਜ ਵਿਧਾਨ ਸਭਾ ਵਿੱਚ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਵਿਧਾਨ ਸਭਾ ਵਿੱਚ ਬਠਿੰਡਾ ਦੇ ਪਿੰਡਾਂ ਵਿੱਚ ਬਣੇ ਛੱਪੜਾਂ ਦੀ ਸਫ਼ਾਈ ਦਾ ਮੁੱਦਾ ਚੁੱਕਿਆ ਸੀ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਠਿੰਡਾ ਦਿਹਾਤੀ ਵਿੱਚ ਸਥਿਤ 65 ਗ੍ਰਾਮ ਪੰਚਾਇਤਾਂ ਵਿੱਚ 173 ਛੱਪੜ ਹਨ। ਇਸ ਵਿੱਚੋਂ ਪੰਜ ਛੱਪੜਾਂ ਦੀ ਸਫ਼ਾਈ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਕੀਤੇ ਮਾਡਲ ਰਾਹੀਂ ਕੀਤੀ ਹੈ ਜਦੋਂਕਿ 16 ਛੱਪੜਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਨੇ ਇਕ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਕੀਤੇ ਮਾਡਲ ਦਾ ਵਿਰੋਧ ਕੀਤਾ ਤਾਂ ਡਾ. ਬਲਬੀਰ ਸਿੰਘ ਨੇ ਮਾਡਲ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਉਸ ਛੱਪੜ ਦਾ ਪਾਣੀ-ਪੀਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋ ਗਏ ਸਨ ਤੇ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਨੂੰ ਥਾਪਰ ਅਤੇ ਚੰਡੀਗੜ੍ਹ ਦੇ ਪੈਕ ਇੰਜਨੀਅਰਿੰਗ ਕਾਲਜ ਦੇ ਮਾਹਿਰ ਇੰਜਨੀਅਰਾਂ ਦੀ ਮਦਦ ਲੈਣੀ ਚਾਹੀਦੀ ਹੈ।
ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿੰਦੀ ਹੈ ਸਰਕਾਰ: ਕਟਾਰੂਚੱਕ
ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਵਿੱਚ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਇਹ ਪ੍ਰਗਟਾਵਾ ਸ੍ਰੀ ਕਟਾਰੂਚੱਕ ਨੇ ਹਲਕਾ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਕੀਤਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੂਬੇ ਵਿੱਚ ਧੁੰਦ ਦੇ ਮੌਸਮ ਦੌਰਾਨ ਸੜਕ ਹਾਦਸ ਠੱਲ੍ਹਣ ਲਈ ਕੈਟ ਆਈਜ਼ ਲਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਉਨ੍ਹਾਂ ਇਹ ਪ੍ਰਗਟਾਵਾ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪੁੱਛੇ ਸਵਾਲ ਦੇ ਜਵਾਬ ਦੌਰਾਨ ਕੀਤਾ।