ਪੂਤਿਨ ਦਾ ਅਹਿਦ ਹਕੀਕਤ ਨਾਲੋਂ ਉਲਟ: ਜ਼ੇਲੈਂਸਕੀ
ਕੀਵ-ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਵੱਲੋਂ ਊਰਜਾ ਬੁਨਿਆਦੀ ਢਾਂਚੇ ’ਤੇ ਹਮਲੇ ਨਾ ਕਰਨ ਦਾ ਵਾਅਦਾ ਹਕੀਕਤ ਨਾਲੋਂ ਉਲਟ ਹੈ। ਉਨ੍ਹਾਂ ਕਿਹਾ ਕਿ ਰੂਸੀ ਫੌਜ ਵੱਲੋਂ ਡਰੋਨਾਂ ਰਾਹੀਂ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਕੀਤੇ ਹਮਲਿਆਂ ਨੇ ਪੂਤਿਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਦੌਰਾਨ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਕਰੀਬ ਇੱਕ ਘੰਟੇ ਤੱਕ ਗੱਲਬਾਤ ਕੀਤੀ। ਟਰੰਪ ਮੁਤਾਬਕ ਉਨ੍ਹਾਂ ਜ਼ੇਲੈਂਸਕੀ ਨਾਲ ਰੂਸ ਅਤੇ ਯੂਕਰੇਨ ਵਿਚਕਾਰ ਸੰਭਾਵੀ ਜੰਗਬੰਦੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ।
ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨਾਲ ਹੇਲਸਿੰਕੀ ’ਚ ਨਿਊਜ਼ ਕਾਨਫਰੰਸ ਦੌਰਾਨ ਜ਼ੇਲੈਂਸਕੀ ਨੇ ਕਿਹਾ ਕਿ ਬੀਤੀ ਰਾਤ ਯੂਕਰੇਨ ਦੇ ਊਰਜਾ ਟਿਕਾਣਿਆਂ ਸਮੇਤ ਹੋਰ ਥਾਵਾਂ ’ਤੇ 150 ਡਰੋਨ ਦਾਗ਼ੇ ਗਏ ਸਨ। ਉਂਝ ਕ੍ਰੈਮਲਿਨ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਯੂਕਰੇਨੀ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦਿੱਤਾ ਹੈ ਅਤੇ ਕੀਵ ’ਤੇ ਦੋਸ਼ ਲਾਇਆ ਕਿ ਉਨ੍ਹਾਂ ਰੂਸੀ ਪਾਈਪਲਾਈਨ ਨੇੜੇ ਇਕ ਪਲਾਂਟ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਯੂਕਰੇਨੀ ਹਕੂਮਤ ਵੱਲੋਂ ਹਮਲੇ ਨਹੀਂ ਰੋਕੇ ਜਾ ਰਹੇ ਹਨ। ਉਧਰ ਸਟੱਬ ਨੇ ਕਿਹਾ ਕਿ ਵਾਰਤਾ ਸਹੀ ਦਿਸ਼ਾ ਵੱਲ ਅਹਿਮ ਕਦਮ ਹੈ। ਉਨ੍ਹਾਂ ਰੂਸ ਨੂੰ ਹਮਲਾਵਰ ਰਵੱਈਆ ਨਾ ਅਪਣਾਉਣ ਲਈ ਕਿਹਾ। ਰੂਸੀ ਡਰੋਨ ਨੇ ਸੂਮੀ ’ਚ ਇਕ ਹਸਪਤਾਲ ਅਤੇ ਦੋਨੇਤਸਕ ਖ਼ਿੱਤੇ ਦੇ ਕਈ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਇਆ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਫੌਜ ਪੂਤਿਨ ਦੇ ਹੁਕਮ ਨਾਲ ਬੱਝੀ ਹੋਈ ਹੈ ਅਤੇ ਉਸ ਨੇ ਮਾਈਕੋਲੇਵ ਖ਼ਿੱਤੇ ਵੱਲ ਦਾਗ਼ੇ ਸੱਤ ਡਰੋਨਾਂ ਨੂੰ ਖੁਦ ਹੀ ਡੇਗ ਲਿਆ।