ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਵਾਈ ਹਮਲਾ, 400 ਤੋਂ ਵੱਧ ਫਲਸਤੀਨੀ ਹਲਾਕ
ਦੀਰ ਅਲ-ਬਲਾਹ-ਇਜ਼ਰਾਈਲ ਨੇ ਅੱਜ ਸਵੇਰੇ ਗਾਜ਼ਾ ਪੱਟੀ ਖੇਤਰ ’ਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਲੜੀਵਾਰ ਹਵਾਈ ਹਮਲੇ ਕੀਤੇ, ਜਿਨ੍ਹਾਂ ’ਚ ਕਈ ਬੱਚਿਆਂ ਤੇ ਮਹਿਲਾਵਾਂ ਸਮੇਤ ਘੱਟੋ-ਘੱਟ 413 ਵਿਅਕਤੀਆਂ ਦੀ ਮੌਤ ਹੋ ਗਈ। ਜਨਵਰੀ ਵਿੱਚ ਜੰਗਬੰਦੀ ਅਮਲ ’ਚ ਆਉਣ ਮਗਰੋਂ ਗਾਜ਼ਾ ’ਚ ਇਹ ਸਭ ਤੋਂ ਭਿਆਨਕ ਹਮਲਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੰਗਬੰਦੀ ਵਧਾਉਣ ਲਈ ਵਾਰਤਾ ’ਚ ਕੋਈ ਖਾਸ ਪ੍ਰਗਤੀ ਨਾ ਹੋਣ ਕਾਰਨ ਉਨ੍ਹਾਂ ਹਮਲੇ ਦਾ ਹੁਕਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਹੋਰ ਹਮਲੇ ਵੀ ਕੀਤੇ ਜਾ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਵ੍ਹਾਈਟ ਹਾਊਸ ਨੇ ਕਿਹਾ ਕਿ ਹਮਲਾ ਕਰਨ ਤੋਂ ਪਹਿਲਾਂ ਉਸ ਤੋਂ ਸਲਾਹ ਲਈ ਗਈ ਹੈ ਅਤੇ ਉਸ ਨੇ ਇਜ਼ਰਾਈਲ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਇਜ਼ਰਾਇਲੀ ਸੈਨਾ ਨੇ ਲੋਕਾਂ ਨੂੰ ਪੂਰਬੀ ਗਾਜ਼ਾ ਛੱਡਣ ਦਾ ਹੁਕਮ ਦਿੱਤਾ। ਇਸ ਮਗਰੋਂ ਲੋਕ ਮੱਧ ਗਾਜ਼ਾ ਵੱਲ ਵੱਧ ਰਹੇ ਹਨ ਜਿਸ ਤੋਂ ਸੰਕੇਤ ਮਿਲਦੇ ਹਨ ਕਿ ਇਜ਼ਰਾਈਲ ਜਲਦੀ ਹੀ ਨਵੇਂ ਸਿਰੇ ਤੋਂ ਜੰਗੀ ਮੁਹਿੰਮ ਸ਼ੁਰੂ ਕਰ ਸਕਦਾ ਹੈ। ਨੇਤਨਯਾਹੂ ਦੇ ਦਫ਼ਤਰ ਨੇ ਕਿਹਾ, ‘ਇਜ਼ਰਾਈਲ ਹੁਣ ਫੌਜੀ ਤਾਕਤ ਵਧਾ ਕੇ ਹਮਾਸ ਖ਼ਿਲਾਫ਼ ਕਾਰਵਾਈ ਕਰੇਗਾ।’ ਰਾਤ ਭਰ ਹੋਏ ਹਮਲਿਆਂ ਨੇ ਸ਼ਾਂਤੀ ਦਾ ਦੌਰ ਖਤਮ ਕਰ ਦਿੱਤਾ ਹੈ ਅਤੇ 17 ਮਹੀਨੇ ਤੋਂ ਜਾਰੀ ਸੰਘਰਸ਼ ਮੁੜ ਤੋਂ ਸ਼ੁਰੂ ਹੋਣ ਦਾ ਖਦਸ਼ਾ ਵਧਾ ਦਿੱਤਾ ਹੈ। ਇਸ ਜੰਗ ਵਿੱਚ ਹੁਣ ਤੱਕ 48 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ ਤੇ ਗਾਜ਼ਾ ਤਬਾਹ ਹੋ ਗਿਆ ਹੈ। ਤਾਜ਼ਾ ਹਮਲਿਆਂ ਕਾਰਨ ਹਮਾਸ ਵੱਲੋਂ ਬੰਦੀ ਬਣਾ ਕੇ ਰੱਖੇ ਗਏ ਤਕਰੀਬਨ 24 ਇਜ਼ਰਾਇਲੀ ਨਾਗਰਿਕਾਂ ਦਾ ਭਵਿੱਖ ਵੀ ਖਤਰੇ ’ਚ ਪੈ ਗਿਆ ਹੈ। ਹਮਾਸ ਨੇ ਦੋਸ਼ ਲਾਇਆ ਕਿ ਨੇਤਨਯਾਹੂ ਨੇ ਜੰਗਬੰਦੀ ਸਮਝੌਤਾ ਖਤਮ ਕਰਕੇ ਬੰਦੀਆਂ ਭਵਿੱਖ ਖਤਰੇ ’ਚ ਪਾ ਦਿੱਤਾ ਹੈ।