ਪੀਐੱਮਜੇਏਵਾਈ ਤਹਿਤ 68 ਲੱਖ ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ: ਨੱਢਾ
ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਕਿਹਾ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 68 ਲੱਖ ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 75.81 ਫ਼ੀਸਦ ਮਰੀਜ਼ ਦਿਹਾਤੀ ਖੇਤਰਾਂ ’ਚੋਂ ਹਨ। ਨੱਢਾ ਨੇ ਸੰਸਦ ਵਿੱਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਨ੍ਹਾਂ ’ਚੋਂ 985 ਕਰੋੜ ਰੁਪਏ ਤੋਂ ਵੱਧ ਦੇ 4.5 ਲੱਖ ਤੋਂ ਵੱਧ ਵਿਅਕਤੀਆਂ ਦਾ ਇਲਾਜ ਟਾਰਗੈਟਿਡ ਥੈਰੇਪੀਜ਼ ਰਾਹੀਂ ਕੀਤਾ ਗਿਆ, ਜਿਨ੍ਹਾਂ ਵਿੱਚੋਂ 76.32 ਫੀਸਦ ਲਾਭਪਾਤਰੀ ਦਿਹਾਤੀ ਖੇਤਰਾਂ ਤੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਲਾਭ ਕੇਂਦਰ ਦੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਪੀਐੱਮਜੇਏਵਾਈ) ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿਹਤ ਮਿਸ਼ਨ ਤਹਿਤ ਦੇਸ਼ ਵਿੱਚ ਕੈਂਸਰ ਸਣੇ ਗੈਰ-ਸੰਚਾਰੀ ਰੋਗਾਂ ਦੀ ਜਾਂਚ, ਪ੍ਰਬੰਧਨ ਅਤੇ ਰੋਕਥਾਮ ਵਾਸਤੇ ਇਕ ਪਹਿਲ ਸ਼ੁਰੂ ਕੀਤੀ ਗਈ ਹੈ। ਪੀਐੱਮਜੇਏਵਾਈ ਵਿੱਚ ਛਾਤੀ, ਮੂੰਹ ਅਤੇ ਸਰਵਾਈਕਲ ਸਣੇ ਕਈ ਤਰ੍ਹਾਂ ਦੇ ਕੈਂਸਰਾਂ ਲਈ ਇਲਾਜ 200 ਤੋਂ ਵੱਧ ਪੈਕੇਜਾਂ ਤਹਿਤ ਦਿੱਤਾ ਜਾਂਦਾ ਹੈ, ਜਿਸ ਵਿੱਚ ਮੈਡੀਕਲ ਓਂਕੋਲੋਜੀ, ਸਰਜੀਕਲ ਓਂਕੋਲੋਜੀ, ਰੇਡੀਏਸ਼ਨ ਓਂਕੋਲੋਜੀ ਆਦਿ ਦੀਆਂ 500 ਤੋਂ ਵੱਧ ਪ੍ਰਕਿਰਿਆਵਾਂ ਸ਼ਾਮਲ ਹਨ। ਇਨ੍ਹਾਂ ’ਚੋਂ 37 ਪੈਕੇਜ ਸੀਏ ਬਰੈਸਟ, ਮੈਟਾਸਟੈਟਿਕ ਮੈਲੇਨੋਮਾ, ਕ੍ਰੋਨਿਕ ਮਾਈਲੋਇਡ ਲਿਊਕੀਮੀਆ, ਬਰਕਿਟਸ ਲਿੰਫੋਮਾ ਅਤੇ ਸੀਏ ਲੰਗ ਲਈ ਕੀਮੋਥੈਰੇਪੀ ਵਰਗੇ ਇਲਾਜ ਟਾਰਗੈਟਿਡ ਥੈਰੇਪੀਜ਼ ਨਾਲ ਸਬੰਧਤ ਹਨ। ਮੰਤਰੀ ਨੇ ਕਿਹਾ ਕਿ ਕੈਂਸਰ ਨਾਲ ਪੀੜਤ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਵੀ ਸਿਹਤ ਮੰਤਰੀ ਦੇ ਕੈਂਸਰ ਰੋਗੀ ਫੰਡ (ਐੱਚਐੱਮਸੀਪੀਐੱਫ) ਤਹਿਤ 15 ਲੱਖ ਰੁਪਏ ਤੱਕ ਦੀ ਇਕਮੁਸ਼ਤ ਵਿੱਤੀ ਸਹਾਇਤਾ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ ਜਨਔਸ਼ਧੀ ਸਟੋਰ ਅਤੇ 217 ਅੰਮ੍ਰਿਤ ਫਾਰਮੇਸੀਆਂ ਰਾਹੀਂ ਬਰਾਂਡਿਡ ਦਵਾਈਆਂ ਦੀ ਵਿਕਰੀ ਦਾ ਪ੍ਰਬੰਧ ਹੈ।