ਭਾਰਤ ਤੇ ਨਿਊਜ਼ੀਲੈਂਡ ਵੱਲੋਂ ਰੱਖਿਆ ਸਮਝੌਤਾ ਸਹੀਬੰਦ
ਨਵੀਂ ਦਿੱਲੀ-ਭਾਰਤ ਤੇ ਨਿਊਜ਼ੀਲੈਂਡ ਨੇ ਆਪਣੇ ਰੱਖਿਆ ਤੇ ਸੁਰੱਖਿਆ ਸਬੰਧਾਂ ਦੀ ਮਜ਼ਬੂਤੀ ਲਈ ਅੱਜ ਅਹਿਮ ਸਮਝੌਤੇ ’ਤੇ ਦਸਤਖ਼ਤ ਕੀਤੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਪਣੇ ਹਮਰੁਤਬਾ ਨੂੰ ਉਨ੍ਹਾਂ ਦੇ ਦੇਸ਼ ’ਚ ਕੁਝ ਗ਼ੈਰਕਾਨੂੰਨੀ ਤੱਤਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਅੰਜਾਮ ਦਿੱਤੇ ਜਾਣ ਦੀ ਚਿੰਤਾ ਤੋਂ ਜਾਣੂ ਕਰਵਾਇਆ।
ਮੋਦੀ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਦੁਵੱਲੇ ਸਬੰਧ ਮਜ਼ਬੂਤ ਕਰਨ, ਵਿਸ਼ੇਸ਼ ਤੌਰ ’ਤੇ ਵਪਾਰ, ਰੱਖਿਆ, ਸਿੱਖਿਆ ਤੇ ਖੇਤੀ ਦੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਵਾਰਤਾ ਕੀਤੀ। ਮੋਦੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਨੇ ਰੱਖਿਆ ਤੇ ਸੁਰੱਖਿਆ ਭਾਈਵਾਲੀ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਰੱਖਿਆ ਸਨਅਤ ਖੇਤਰ ’ਚ ਸਹਿਯੋਗ ਲਈ ਖਾਕਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਅਸੀਂ ਅਤਿਵਾਦ ਖ਼ਿਲਾਫ਼ ਇਕਮੱਤ ਹਾਂ। ਭਾਵੇਂ ਉਹ 15 ਮਾਰਚ 2019 ਦਾ ਕ੍ਰਾਈਸਟਚਰਚ ਦਾ ਅਤਿਵਾਦੀ ਹਮਲਾ ਹੋਵੇ ਜਾਂ ਫਿਰ 26 ਨਵੰਬਰ 2008 ਦਾ ਮੁੰਬਈ ਹਮਲਾ। ਕਿਸੇ ਵੀ ਰੂਪ ’ਚ ਅਤਿਵਾਦ ਸਵੀਕਾਰ ਨਹੀਂ ਕੀਤਾ ਜਾ ਸਕਦਾ।’ ਉਨ੍ਹਾਂ ਕਿਹਾ ਕਿ ਅਤਿਵਾਦੀ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਇਸ ਸੰਦਰਭ ’ਚ ਅਸੀਂ ਨਿਊਜ਼ੀਲੈਂਡ ’ਚ ਕੁਝ ਗ਼ੈਰਕਾਨੂੰਨੀ ਤੱਤਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਆਪਣੀ ਚਿੰਤਾ ਸਾਂਝੀ ਕੀਤੀ ਹੈ।’ ਪ੍ਰਧਾਨ ਮੰਤਰੀ ਨੇ ਭਾਰਤ ਤੇ ਨਿਊਜ਼ੀਲੈਂਡ ਵੱਲੋਂ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਇਸ ਨਾਲ ਆਪਸੀ ਵਪਾਰ ਤੇ ਨਿਵੇਸ਼ ਦੀ ਸੰਭਾਵਨਾ ਵਧੇਗੀ। ਡੇਅਰੀ, ਫੂਡ ਪ੍ਰੋਸੈਸਿੰਗ ਤੇ ਫਾਰਮਾ ਜਿਹੇ ਖੇਤਰਾਂ ’ਚ ਆਪਸੀ ਸਹਿਯੋਗ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।’ ਮੋਦੀ ਨੇ ਕਿਹਾ ਕਿ ਭਾਰਤ ਤੇ ਨਿਊਜ਼ੀਲੈਂਡ ਇੱਕ ਆਜ਼ਾਦ, ਖੁੱਲ੍ਹੇ ਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਖੇਤਰ ਦੀ ਹਮਾਇਤ ਕਰਦੇ ਹਨ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਤੇ ਮੋਦੀ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੁਣੌਤੀਪੂਰਨ ਰਣਨੀਤਕ ਨਜ਼ਰੀਏ ’ਤੇ ਚਰਚਾ ਕੀਤੀ।