ਖਨੌਰੀ ਸਥਿਤ ਹਨੂਮਾਨ ਪੈਲੇਸ ਆਰਜ਼ੀ ਜੇਲ੍ਹ ’ਚ ਤਬਦੀਲ
ਚੰਡੀਗੜ੍ਹ-ਪੰਜਾਬ ਸਰਕਾਰ ਨੇ ਖਨੌਰੀ ਸਥਿਤ ਹਨੂਮਾਨ ਪੈਲੇਸ ਨੂੰ ਆਰਜ਼ੀ ਜੇਲ੍ਹ ਐਲਾਨ ਦਿੱਤਾ ਹੈ। ਖਨੌਰੀ ਮੋਰਚੇ ਤੋਂ ਲੰਘੀ ਰਾਤ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਇਸ ਆਰਜ਼ੀ ਜੇਲ੍ਹ ਵਿਚ ਰੱਖਿਆ ਗਿਆ ਹੈ। ਵਧੀਕ ਮੁੱਖ ਸਕੱਤਰ (ਜੇਲ੍ਹਾਂ) ਨੇ ਹਨੂਮਾਨ ਪੈਲੇਸ ਨੂੰ 19 ਮਾਰਚ ਤੋਂ 25 ਮਾਰਚ ਤੱਕ ਆਰਜ਼ੀ ਜੇਲ੍ਹ ਘੋਸ਼ਿਤ ਕਰ ਦਿੱਤਾ ਹੈ। ਅਹਿਮ ਸੂਤਰਾਂ ਅਨੁਸਾਰ ਖਨੌਰੀ ਦੀ ਇਸ ਆਰਜ਼ੀ ਜੇਲ੍ਹ ਵਿੱਚ ਕਰੀਬ ਢਾਈ ਸੌ ਕਿਸਾਨ ਰੱਖੇ ਗਏ ਹਨ।
ਸੂਤਰਾਂ ਅਨੁਸਾਰ ਲੰਘੀ ਰਾਤ ਖਨੌਰੀ ਮੋਰਚੇ ’ਚੋਂ 325 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਤੇ ਮਗਰੋਂ ਇਨ੍ਹਾਂ ਵਿਚੋਂ ਕਾਫ਼ੀ ਕਿਸਾਨ ਚਲੇ ਗਏ ਸਨ। ਇਸੇ ਤਰ੍ਹਾਂ ਸ਼ੰਭੂ ਮੋਰਚੇ ’ਚੋਂ ਸੌ ਤੋਂ ਜ਼ਿਆਦਾ ਕਿਸਾਨ ਹਿਰਾਸਤ ਵਿਚ ਲਏ ਗਏ ਹਨ ਜਿਨ੍ਹਾਂ ਨੂੰ ਪਟਿਆਲਾ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲੀਸ ਵੱਲੋਂ ਲੰਘੀ ਰਾਤ ‘ਅਪਰੇਸ਼ਨ ਹਾਈਵੇਅ’ ਤਹਿਤ ਸ਼ੰਭੂ ਅਤੇ ਖਨੌਰੀ ਮੋਰਚਾ ਖ਼ਾਲੀ ਕਰਾਇਆ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਇਸ ਅਪਰੇਸ਼ਨ ਖ਼ਿਲਾਫ਼ ਅੱਜ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ।