ਡੋਵਾਲ ਵੱਲੋਂ ਵੀਹ ਮੁਲਕਾਂ ਦੇ ਇੰਟੈਲੀਜੈਂਸ ਮੁਖੀਆਂ ਨਾਲ ਮੀਟਿੰਗ
ਨਵੀਂ ਦਿੱਲੀ-‘ਰਾਇਸੀਨਾ ਡਾਇਲਾਗ’ ਵਿੱਚ ਹਿੱਸਾ ਲੈਣ ਆਏ 20 ਦੇਸ਼ਾਂ ਦੇ ਇੰਟੈਲੀਜੈਂਸ ਮੁਖੀਆਂ ਨੇ ਭਰੋਸਾ ਦਿੱਤਾ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਲਈ ਦਹਿਸ਼ਤਗਰਦਾਂ ਨੂੰ ਆਪੋ ਆਪਣੇ ਮੁਲਕਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਜਾਣਕਾਰੀ ਮੁਤਾਬਕ ਕੌਮੀ ਰਾਜਧਾਨੀ ਵਿੱਚ ਅੱਜ ਇੰਟੈਲੀਜੈਂਸ ਮੁਖੀਆਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕੀਤੀ, ਜਿਸ ਵਿੱਚ ਅਮਰੀਕੀ ਇੰਟੈਲੀਜੈਂਸ ਮੁਖੀ ਤੁਲਸੀ ਗਬਾਰਡ ਵੀ ਹਾਜ਼ਰ ਸਨ। ਹਾਲਾਂਕਿ, ਬੰਦ ਕਮਰੇ ਵਿੱਚ ਹੋਈ ਇਸ ਮੀਟਿੰਗ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ ਪਰ ਸੂਤਰਾਂ ਨੇ ਦੱਸਿਆ ਕਿ ਇਸ ਵਿੱਚ ਖ਼ੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਅਤਿਵਾਦ, ਦਹਿਸ਼ਤੀ ਫੰਡਿੰਗ ਅਤੇ ਉੱਭਰਦੀਆਂ ਤਕਨਾਲੋਜੀਆਂ ਤੋਂ ਪੈਦਾ ਹੋਏ ਖ਼ਤਰਿਆਂ ਨਾਲ ਨਜਿੱਠਣ ਲਈ ਸਹਿਯੋਗ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਸੂਤਰਾਂ ਮੁਤਾਬਕ ਭਾਰਤ ਨੇ ਮੀਟਿੰਗ ਦੌਰਾਨ ਖਾਲਿਸਤਾਨ ਪੱਖੀਆਂ ਸਣੇ ਵਿਦੇਸ਼ਾਂ ਵਿੱਚ ਸਰਗਰਮ ਹੋਰ ਅਨਸਰਾਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ। ਭਾਰਤ ਤੇ ਅਮਰੀਕਾ ਕਥਿਤ ਤੌਰ ’ਤੇ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਉਹ ਆਪਣੇ ਖੇਤਰਾਂ ਦਾ ਇਸਤੇਮਾਲ ਇਕ-ਦੂਜੇ ਦੇ ਖ਼ਿਲਾਫ਼ ਨਹੀਂ ਹੋਣ ਦੇਣਗੇ। ਡੋਵਾਲ ਭਾਰਤ ਆਏ ਇੰਟੈਲੀਜੈਂਸ ਅਤੇ ਸੁਰੱਖਿਆ ਅਧਿਕਾਰੀਆਂ ਦੇ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਵੀ ਕਰਨਗੇ। ਇਸ ਸੰਮੇਲਨ ਲਈ ਜਿਹੜੇ ਦੇਸ਼ਾਂ ਦੇ ਇੰਟੈਲੀਜੈਂਸ ਅਤੇ ਸੁਰੱਖਿਆ ਅਧਿਕਾਰੀ ਭਾਰਤ ਆਏ ਹਨ, ਉਨ੍ਹਾਂ ਵਿੱਚ ਕੈਨੇਡਾ, ਬਰਤਾਨੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।