Punjab

ਧਾਰਮਿਕ ਅਸਥਾਨ ’ਤੇ ਵਿਸਫੋਟਕ ਸੁੱਟਣ ਵਾਲਾ ਮੁਲਜ਼ਮ ਪੁੁਲੀਸ ਮੁਕਾਬਲੇ ’ਚ ਹਲਾਕ, ਦੂਜਾ ਫ਼ਰਾਰ

ਅੰਮ੍ਰਿਤਸਰ-ਇਥੇ ਖੰਡ ਵਾਲਾ ਵਿਖੇ ਧਾਰਮਿਕ ਅਸਥਾਨ ’ਤੇ ਧਮਾਕਾ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਇਕ ਮੁਲਜ਼ਮ ਦੀ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਹੋ ਗਈ ਜਦੋਂਕਿ ਦੂਜਾ ਫ਼ਰਾਰ ਹੋ ਗਿਆ।

ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਖੰਡ ਵਾਲਾ ਵਿਖੇ ਠਾਕੁਰ ਦੁਆਰਾ ਮੰਦਰ ’ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗ੍ਰਨੇਡ ਵਰਗੀ ਕੋਈ ਵਿਸਫੋਟਕ ਸਮੱਗਰੀ ਸੁੱਟੀ ਗਈ ਸੀ। ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਸੀ।

ਮਿਲੀ ਜਾਣਕਾਰੀ ਮੁਤਾਬਕ ਪੁਲੀਸ ਵੱਲੋਂ ਮੋਟਰਸਾਈਕਲ ਦੇ ਨੰਬਰ ਤੋਂ ਇਸ ਦੇ ਮਾਲਕ ਅਤੇ ਬਾਅਦ ਵਿੱਚ ਘਟਨਾ ਵੇਲੇ ਮੋਟਰਸਾਈਕਲ ਵਰਤਣ ਵਾਲਿਆਂ ਦੀ ਪਛਾਣ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲੀਸ ਵੱਲੋਂ ਉਨ੍ਹਾਂ ਦੀ ਲਗਾਤਾਰ ਪੈੜ ਨੱਪੀ ਜਾ ਰਹੀ ਸੀ।

ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੂੰ ਇਨ੍ਹਾਂ ਦੇ ਏਅਰਪੋਰਟ ਰੋਡ ’ਤੇ ਰਾਜਾਸਾਂਸੀ ਨੇੜੇ ਹੋਣ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਦਾ ਪਿੱਛਾ ਕੀਤਾ। ਜਦੋਂ ਇਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਪੁਲੀਸ ’ਤੇ ਗੋਲੀ ਚਲਾਈ। ਪੁਲੀਸ ਦੀ ਜਵਾਬੀ ਗੋਲੀਬਾਰੀ ਵਿਚ ਇੱਕ ਦੀ ਮੌਤ ਹੋ ਗਈ ਹੈ ਜਦੋਂਕਿ ਦੂਜਾ ਫ਼ਰਾਰ ਹੋ ਗਿਆ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਰਾਜਾਸਾਂਸੀ ਨੇੜੇ ਹੋਏ ਮੁਕਾਬਲੇ ’ਚ ਇਕ ਮੁਲਜ਼ਮ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੁਵੱਲੀ ਗੋਲੀਬਾਰੀ ਦੌਰਾਨ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਤੇ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਵਿਚ ਗੋਲੀ ਲੱਗੀ। ਯਾਦਵ ਨੇ ਕਿਹਾ ਕਿ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਹਵਾਈ ਅੱਡਾ ਪੁਲੀਸ ਥਾਣੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ।