ਸੰਭਲ: ਕਾਰਤੀਕੇਅ ਮਹਾਦੇਵ ਮੰਦਰ ’ਚ 46 ਸਾਲ ਬਾਅਦ ਖੇਡੀ ਹੋਲੀ
ਸੰਭਲ-ਸੰਭਲ ’ਚ 46 ਸਾਲ ਬਾਅਦ ਪਹਿਲੀ ਵਾਰ ਇਤਿਹਾਸਕ ਕਾਰਤੀਕੇਅ ਮਹਾਦੇਵ ਮੰਦਰ ’ਚ ਫੁੱਲਾਂ ਤੇ ਗੁਲਾਲ ਨਾਲ ਹੋਲੀ ਖੇਡੀ ਗਈ। ਇਸ ਮੌਕੇ ਸਮਾਜਿਕ ਤੇ ਹਿੰਦੂ ਸੰਗਠਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਜਦਕਿ ਸ਼ਾਂਤੀਪੂਰਨ ਢੰਗ ਨਾਲ ਹੋਲੀ ਮਨਾਉਣ ਲਈ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਸੀ।
ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਅਗਰਵਾਲ ਨੇ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘46 ਸਾਲ ਬਾਅਦ ਸਾਨੂੰ ਕਾਰਤੀਕੇਅ ਮਹਾਦੇਵ ਮੰਦਰ ’ਚ ਹੋਲੀ ਖੇਡਣ ਦਾ ਮੌਕਾ ਮਿਲਿਆ ਹੈ। ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਲੋਕ ਇੱਥੇ ਇਕੱਤਰ ਹੋਏ ਹਨ ਅਤੇ ਫੁੱਲਾਂ ਤੇ ਰੰਗਾਂ ਨਾਲ ਹੋਲੀ ਖੇਡ ਰਹੇ ਹਨ।’ ਹੋਲੀ ਖੇਡਣ ਆਏ ਲੋਕਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮੰਦਰ ’ਚ ਹੋਲੀ ਖੇਡਣ ਦਾ ਤਜਰਬਾ ਵਿਲੱਖਣ ਹੈ। ਪੁਲੀਸ ਨੇ ਸੁਰੱਖਿਆ ਪ੍ਰਬੰਧ ਬਣਾ ਕੇ ਬਹੁਤ ਚੰਗਾ ਕੰਮ ਕੀਤਾ ਹੈ। ਸੀਨੀਅਰ ਏਐੱਸਪੀ ਸ੍ਰੀਸ਼ ਚੰਦਰ ਨੇ ਭਰੋਸਾ ਦਿੱਤਾ ਨਿਰਵਿਘਨ ਤਿਉਹਾਰ ਮਨਾਉਣ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਏਐੱਸਆਈ ਦੀ ਟੀਮ ਸੰਭਲ ਮਸਜਿਦ ਪੁੱਜੀ
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੀ ਟੀਮ ਅੱਜ ਸੰਭਲ ਦੀ ਸ਼ਾਹੀ ਜਾਮਾ ਮਸਜਿਦ ’ਚ ਰੰਗ ਰੋਗਨ ਤੇ ਮੁਰੰਮਤ ਦੇ ਕੰਮ ਤੋਂ ਪਹਿਲਾਂ ਮੁਲਾਂਕਣ ਲਈ ਪੁੱਜੀ। ਸ਼ਾਹੀ ਜਾਮਾ ਮਸਜਿਦ ਕਮੇਟੀ ਦੇ ਪ੍ਰਧਾਨ ਜ਼ਫਰ ਅਲੀ ਨੇ ਦੱਸਿਆ ਕਿ ਮੇਰਠ ਤੋਂ ਏਐੱਸਆਈ ਦੀ ਟੀਮ ਕੰਮ ਦਾ ਦਾਇਰਾ ਤੈਅ ਕਰਨ ਅਤੇ ਅਨੁਮਾਨ ਤਿਆਰ ਕਰਨ ਲਈ ਸਰਵੇਖਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਟੀਮ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਤੇ ਕੋਈ ਸਮੱਸਿਆ ਨਹੀਂ ਹੈ। ਰੰਗ-ਰੋਗਨ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।