ਪਾਕਿਸਤਾਨੀ ਨੰਬਰ ਤੋਂ ਮੁੱਖ ਮੰਤਰੀ ਦਫ਼ਤਰ ’ਤੇ ਹਮਲੇ ਦੀ ਧਮਕੀ
ਮੁੰਬਈ-ਮੁੰਬਈ ਪੁਲੀਸ ਦੇ ਟ੍ਰੈਫਿਕ ਵਿੰਗ ਨੂੰ ਵਟਸਐਪ ’ਤੇ ਇੱਕ ਸੰਦੇਸ਼ ਮਿਲਿਆ ਹੈ, ਜਿਸ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਫ਼ਤਰ ’ਤੇ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਵਰਲੀ ਪੁਲੀਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਨੰਬਰ ਤੋਂ ਸੰਦੇਸ਼ ਮਿਲਿਆ ਸੀ ਅਤੇ ਉਨ੍ਹਾਂ ਨੂੰ ਗੁਆਂਢੀ ਦੇਸ਼ ਤੋਂ ਮੁੱਖ ਮੰਤਰੀ ਦਫਤਰ ’ਤੇ ਹਮਲਾ ਕਰਨ ਦੀ ਸਾਜ਼ਿਸ਼ ਦਾ ਸ਼ੱਕ ਸੀ।
ਸੰਦੇਸ਼ ਭੇਜਣ ਵਾਲੇ ਨੇ ਆਪਣਾ ਨਾਂ ਮਲਿਕ ਸ਼ਾਹਬਾਜ਼ ਹੁਮਾਯੂੰ ਰਾਜਾ ਦੇਵ ਦੱਸਿਆ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਸਾਵਧਾਨੀ ਦੇ ਤੌਰ ’ਤੇ ਮੁੱਖ ਮੰਤਰੀ, ਉਨ੍ਹਾਂ ਦੇ ਦਫਤਰ ਅਤੇ ਹੋਰ ਪ੍ਰਮੁੱਖ ਸਰਕਾਰੀ ਇਮਾਰਤਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਸੰਦੇਸ਼ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸਦੀ ਭਰੋਸੇਯੋਗਤਾ ਨੂੰ ਨਿਰਧਾਰਤ ਕਰਨ ਲਈ ਕੰਮ ਕਰ ਰਹੀ ਹੈ।