National

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਮੌਰੀਸ਼ਸ ਪਹੁੰਚੇ

ਪੋਰਟ ਲੂਇਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਫੇਰੀ ਲਈ ਮੌਰੀਸ਼ਸ ਪਹੁੰਚ ਗਏ ਹਨ। ਸ੍ਰੀ ਮੋਦੀ ਦਾ ਹਵਾਈ ਅੱਡੇ ’ਤੇ ਰਸਮੀ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਟਾਪੂਨੁਮਾ ਮੁਲਕ ਦੇ ਨੈਸ਼ਨਲ ਡੇਅ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ ਮੌਰੀਸ਼ਸ ਦੇ ਸਿਖਰਲੇ ਆਗੂਆਂ ਨਾਲ ਬੈਠਕ ਕਰਨਗੇ। ਮੌਰੀਸ਼ਸ ਵਿਚ ਭਾਰਤੀ ਪਰਵਾਸੀ ਭਾਈਚਾਰੇ ਨੇ ਸ੍ਰੀ ਮੋਦੀ ਦਾ ਰਵਾਇਤੀ ਬਿਹਾਰੀ ਸਭਿਆਚਾਰਕ ਪੇਸ਼ਕਾਰੀ ‘ਗੀਤਾ ਗਾਵਈ’ ਨਾਲ ਸਵਾਗਤ ਕੀਤਾ।

ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੌਰੀਸ਼ਸ ਪਹੁੰਚ ਗਿਆ ਹਾਂ। ਮੈਂ ਆਪਣੇ ਦੋਸਤ ਪ੍ਰਧਾਨ ਮੰਤਰੀ ਡਾ.ਨਵੀਨਚੰਦਰ ਰਾਮਗੁਲਾਮ ਦਾ ਧੰਨਵਾਦੀ ਹਾਂ ਜਿਨ੍ਹਾਂ ਹਵਾਈ ਅੱਡੇ ’ਤੇ ਮੇਰਾ ਵਿਸ਼ੇਸ਼ ਸਵਾਗਤ ਕੀਤਾ। ਇਹ ਯਾਤਰਾ ਇਕ ਮੁੱਲਵਾਨ ਦੋਸਤ ਨੂੰ ਮਿਲਣ ਤੇ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੇ ਨਵੇਂ ਰਾਹ ਲੱਭਣ ਦਾ ਸ਼ਾਨਦਾਰ ਮੌਕਾ ਹੈ।’’ ਸ੍ਰੀ ਮੋਦੀ ਨੇ ਪੋਸਟ ਵਿਚ ਅੱਗੇ ਲਿਖਿਆ, ‘‘ਅੱਜ ਮੈਂ ਰਾਸ਼ਟਰਪਤੀ ਧਰਮ ਗੋਖੁਲ, ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮਗੁਲਾਮ ਨਾਲ ਮੁਲਾਕਾਤ ਕਰਾਂਗਾ ਤੇ ਸ਼ਾਮ ਨੂੰ ਇਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਤ ਕਰਾਂਗਾ।’’

ਸਰ ਸ਼ਿਵਸਾਗਰ ਰਾਮਗੁਲਾਮ ਕੌਮਾਂਤਰੀ ਹਵਾਈ ਅੱਡੇ ’ਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਫੁੱਲ ਮਾਲਾਵਾਂ ਨਾਲ ਮੋਦੀ ਨੂੰ ਜੀ ਆਇਆਂ ਨੂੰ ਕਿਹਾ। ਰਾਮਗੁਲਾਮ ਨਾਲ ਇਸ ਮੌਕੇ ਉਪ ਪ੍ਰਧਾਨ ਮੰਤਰੀ, ਮੌਰੀਸ਼ਸ ਦੇ ਚੀਫ ਜਸਟਿਸ, ਕੌਮੀ ਅਸੈਂਬਲੀ ਦੇ ਪ੍ਰਧਾਨ, ਵਿਰੋਧੀ ਧਿਰ ਦੇ ਆਗੂ, ਵਿਦੇਸ਼ ਮੰਤਰੀ, ਕੈਬਨਿਟ ਸਕੱਤਰ, ਗਰੈਂਡ ਪੋਰਟ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਤੇ ਕਈ ਹੋਰ ਲੋਕ ਮੌਜੂਦ ਸਨ।

ਪ੍ਰਧਾਨ ਮੰਤਰੀ ਦੀ ਇਹ ਯਾਤਰਾ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਰਾਮਗੁਲਾਮ ਦੇ ਸੱਦੇ ’ਤੇ ਹੋ ਰਹੀ ਹੈ। ਯਾਤਰਾ ਦੌਰਾਨ ਦੋਵੇਂ ਮੁਲਕ ਵਿਕਾਸ, ਵਪਾਰ ਤੇ ਸਰਹੱਦ ਪਾਰ ਵਿੱਤੀ ਅਪਰਾਧਾਂ ਨਾਲ ਨਜਿੱਠਣ ਲਈ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਲਈ ਕਈ ਸਮਝੌਤਿਆਂ ’ਤੇ ਸਹੀ ਪਾਉਣਗੇ।