ਮਹੀਨਾ ਕੋਈ ਵੀ ਹੋਵੇ ਸਰਕਾਰ ਅਜਿਹੇ ਫੈਸ਼ਨ ਸ਼ੋਅ ਦੀ ਆਗਿਆ ਨਹੀਂ ਦਿੰਦੀ: ਉਮਰ
ਜੰਮੂ-ਰਮਜ਼ਾਨ ਮਹੀਨੇ ਗੁਲਮਰਗ ’ਚ ਫੈਸ਼ਨ ਸ਼ੋਅ ਕਰਾਉਣ ਕਾਰਨ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਮਹੀਨੇ ਅਜਿਹੇ ਸਮਾਗਮ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਇਹ ਵੀ ਕਿਹਾ ਕਿ ਕਠੂਆ ਹੱਤਿਆ ਕਾਂਡ ਨੂੰ ਸਿਆਸੀ ਰੰਗਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੁਲਮਰਗ ਫੈਸ਼ਨ ਸ਼ੋਅ ਤੇ ਕਠੂਆ ਹੱਤਿਆ ਕਾਂਡ ਦੇ ਮੁੱਦਿਆਂ ’ਤੇ ਵਿਧਾਨ ਸਭਾ ’ਚ ਵਿਧਾਇਕਾਂ ਵੱਲੋਂ ਹੰਗਾਮਾ ਕੀਤੇ ਜਾਣ ਮਗਰੋਂ ਉਮਰ ਅਬਦੁੱਲਾ ਨੇ ਕਿਹਾ, ‘ਅਸੀਂ ਪਹਿਲਾਂ ਹੀ ਇਸ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਮੁੱਢਲੇ ਤੱਥਾਂ ਤੋਂ ਪਤਾ ਲੱਗਾ ਹੈ ਕਿ ਇਹ ਨਿੱਜੀ ਹੋਟਲ ’ਚ ਨਿੱਜੀ ਪ੍ਰਬੰਧਕ ਵੱਲੋਂ ਕੀਤਾ ਗਿਆ ਚਾਰ ਰੋਜ਼ਾ ਪ੍ਰੋਗਰਾਮ ਸੀ। ਫੈਸ਼ਨ ਸ਼ੋਅ ਸੱਤ ਦਸੰਬਰ ਨੂੰ ਕਰਾਇਆ ਗਿਆ ਅਤੇ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।’ ਪ੍ਰਸ਼ਨ ਕਾਲ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਮੈਂਬਰਾਂ ਦੀ ਨਿਰਾਸ਼ਾ ਤੇ ਚਿੰਤਾ ਬਿਲਕੁਲ ਸਹੀ ਹੈ। ਗੁਲਮਰਗ ਫੈਸ਼ਨ ਸ਼ੋਅ ਲਈ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਡਿਜ਼ਾਈਨਰ ਸ਼ਿਵਾਨ ਤੇ ਨਰੇਸ਼ ਨੇ ਇਸ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਉਨ੍ਹਾਂ ਦੀ ਪੇਸ਼ਕਾਰੀ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੈ ਤਾਂ ਇਸ ਲਈ ਉਨ੍ਹਾਂ ਨੂੰ ਅਫ਼ਸੋਸ ਹੈ। ਦਿੱਲੀ ਆਧਾਰਿਤ ਡਿਜ਼ਾਈਨਰਾਂ ਸ਼ਿਵਾਨ ਭਾਟੀਆ ਤੇ ਨਰੇਸ਼ ਕੁਕਰੇਜਾ ਨੇ ਐੱਕਸ ’ਤੇ ਮੁਆਫੀ ਮੰਗਦਿਆਂ ਕਿਹਾ, ‘ਅਸੀਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਗੁਲਮਰਗ ’ਚ ਸਾਡੀ ਹਾਲੀਆ ਪੇਸ਼ਕਾਰੀ ਨਾਲ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਣ ਲਈ ਅਫਸੋਸ ਜ਼ਾਹਿਰ ਕਰਦੇ ਹਾਂ। ਸਾਡਾ ਇੱਕੋ-ਇੱਕ ਮਕਸਦ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਏ ਬਿਨਾਂ ਰਚਨਾਤਮਕ ਅਤੇ ਸਥਾਨਕ ਜੀਵਨ ਸ਼ੈਲੀ ਦਾ ਜਸ਼ਨ ਮਨਾਉਣਾ ਸੀ। ਅਸੀਂ ਸਾਰੇ ਸੱਭਿਆਚਾਰਾਂ ਤੇ ਪਰੰਪਰਾਵਾਂ ਦਾ ਸਨਮਾਨ ਕਰਦੇ ਹਾਂ ਤੇ ਅਸੀਂ ਜ਼ਾਹਿਰ ਕੀਤੀ ਗਈ ਚਿੰਤਾ ਨੂੰ ਸਵੀਕਾਰ ਕਰਦੇ ਹਾਂ। ਅਸੀਂ ਕਿਸੇ ਨੂੰ ਵੀ ਹੋਈ ਪ੍ਰੇਸ਼ਾਨੀ ਲਈ ਮੁਆਫੀ ਮੰਗਦੇ ਹਾਂ। ਅਸੀਂ ਅੱਗੇ ਤੋਂ ਵਧੇਰੇ ਚੌਕਸ ਰਹਿਣ ਲਈ ਪ੍ਰਤੀਬੱਧ ਹਾਂ।