National

ਕੁਲੀਆਂ ਦੇ ਹੱਕਾਂ ਲਈ ਲੜਾਂਗੇ ਤੇ ਮੰਗਾਂ ਸਰਕਾਰ ਤੱਕ ਪਹੁੰਚਾਵਾਂਗਾ: ਰਾਹੁਲ

ਨਵੀਂ ਦਿੱਲੀ-ਰੇਲਵੇ ਦੇ ਕੁਲੀਆਂ ਨੂੰ ਦਰਪੇਸ਼ ਵਿੱਤੀ ਮੁਸ਼ਕਲਾਂ ਵੱਲ ਧਿਆਨ ਦਿਵਾਉਂਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਦੌਰਾਨ ਕੁਲੀਆਂ ਨੇ ਆਪਣੀ ਜਾਨ ਜੋਖ਼ਮ ’ਚ ਪਾ ਕੇ ਲੋਕਾਂ ਦੀ ਮਦਦ ਕੀਤੀ ਪਰ ਸਰਕਾਰ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁਲੀਆਂ ਦੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਗੇ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਲੜਨਗੇੇ। ਰਾਹੁਲ ਗਾਂਧੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮੱਚੀ ਭਗਦੜ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਕੁਲੀਆਂ ਨੂੰ ਮਿਲੇ ਸਨ, ਜਿਸ ਦੀ ਵੀਡੀਓ ਅੱਜ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ’ਤੇ ਅਪਲੋਡ ਕੀਤੀ। ਰਾਹੁਲ ਨੇ ‘ਆਵਾਜ਼ ਭਾਰਤ ਕੀ’ ਪੋਰਟਲ ’ਤੇ ਲੋਕਾਂ ਤੋਂ ਭੀੜ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਸੁਝਾਅ ਵੀ ਮੰਗੇ। ਐੈਕਸ ’ਤੇ ਪੋਸਟ ’ਚ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਦੀ ਆਵਾਜ਼ ਸੁਣਾਂਗੇ।’’ ਰਾਹੁਲ ਨੇ ਆਖਿਆ ਕਿ ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ’ਤੇ ਭਗਦੜ ਦੀਆਂ ਘਟਨਾਵਾਂ ਵਧਣਾ ਵੱਡੀ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਅਜਿਹੀਆਂ ਘਟਨਾਵਾਂ ’ਚ ਬੇਕਸੂਰ ਲੋਕਾਂ ਦੀ ਜਾਨ ਜਾਂਦੀ ਹੈ ਜਾਂ ਉਹ ਜ਼ਖਮੀ ਹੁੰਦੇ ਹਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਗਦੜ ਦੀ ਘਟਨਾ 15 ਫਰਵਰੀ ਨੂੰ ਵਾਪਰੀ ਸੀ।