ਕੋਈ ਅਹਿਮ ਮੁੱਦਾ ਹੋਵੇ ਤਾਂ ਪ੍ਰਧਾਨ ਮੰਤਰੀ ‘ਗਾਇਬ’ ਹੁੰਦੇ ਨੇ: ਗੋਗੋਈ
ਨਵੀਂ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਟਿੱਪਣੀ ਮਗਰੋਂ ਅੱਜ ਲੋਕ ਸਭਾ ’ਚ ਕਾਂਗਰਸ ਆਗੂ ਗੌਰਵ ਗੋਗੋਈ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਚਾਲੇ ਭਖਵੀਂ ਬਹਿਸ ਹੋਈ। ਗਰਾਂਟਾਂ ਸਬੰਧੀ ਅਨੁਪੂਰਕ ਮੰਗਾਂ, ਵਾਧੂ ਗਰਾਂਟਾਂ ਤੇ ਮਨੀਪੁਰ ਬਜਟ ’ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਗੋਗੋਈ ਨੇ ਕਿਹਾ ਕਿ ਜਦੋਂ ਵੀ ਦੇਸ਼ ’ਚ ਕੋਈ ਅਹਿਮ ਮੁੱਦਾ ਉੱਠਦਾ ਹੈ ਤਾਂ ਪ੍ਰਧਾਨ ਮੰਤਰੀ ‘ਗਾਇਬ’ ਹੋ ਜਾਂਦੇ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਗੋਗੋਈ ਨੂੰ ਟੋਕਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਿਦੇਸ਼ ਯਾਤਰਾ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਵੀ ਸੰਸਦੀ ਸੈਸ਼ਨਾਂ ਦਰਮਿਆਨ ਵਿਦੇਸ਼ ਯਾਤਰਾਵਾਂ ’ਤੇ ਜਾਂਦੇ ਰਹੇ ਹਨ। ਗੋਗੋਈ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਬਹੁਤ ਸਨਮਾਨ ਕਰਦੇ ਹਨ ਪਰ ਸੱਤਾ ਧਿਰ ਦੀ ਹਮੇਸ਼ਾ ਇਹ ਪ੍ਰਵਿਰਤੀ ਰਹੀ ਹੈ ਕਿ ਉਹ ਵਾਰ-ਵਾਰ ਸਾਬਕਾ ਪ੍ਰਧਾਨ ਮੰਤਰੀਆਂ ਦਾ ਅਪਮਾਨ ਕਰਦੀ ਹੈ ਅਤੇ ਉਨ੍ਹਾਂ ਦੇ ਬਿਆਨ ਹਮੇਸ਼ਾ ਸੰਸਦੀ ਰਿਕਾਰਡ ਦਾ ਹਿੱਸਾ ਹੁੰਦੇ ਹਨ। ਇਸ ਮੌਕੇ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਗੋਗੋਈ ਨੇ ਕੁਝ ਗੰਭੀਰ ਟਿੱਪਣੀਆਂ ਕੀਤੀਆਂ ਹਨ ਅਤੇ ਅਜਿਹੇ ਕਈ ਮੌਕੇ ਆਏ ਹਨ ਜਦੋਂ ਪ੍ਰਧਾਨ ਮੰਤਰੀ ਨੂੰ ਸਦਨ ’ਚ ਬੋਲਣ ਨਹੀਂ ਦਿੱਤਾ ਗਿਆ। ਵਿੱਤ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਵੀ ਕੀਤੀ। ਉਨ੍ਹਾਂ ਕਿਹਾ, ‘ਉਨ੍ਹਾਂ ਸਦਨ ’ਚ ਹੰਗਾਮਾ ਕੀਤਾ। ਕੀ ਮਾਣਯੋਗ ਮੈਂਬਰ ਗੋਗੋਈ ਪ੍ਰਧਾਨ ਮੰਤਰੀ ਬਾਰੇ ਅਪਸ਼ਬਦਾਂ ਲਈ ਮੁਆਫੀ ਮੰਗਣਗੇ।’ ਇਸ ਦਾ ਜਵਾਬ ਦਿੰਦਿਆਂ ਗੋਗੋਈ ਨੇ ਸੀਤਾਰਮਨ ਨੂੰ ਪਿਛਲੇ ਮਹੀਨੇ ਲੋਕ ਸਭਾ ’ਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦਾ ਹਵਾਲਾ ਦੇਣ ਲਈ ਕਿਹਾ। ਉਨ੍ਹਾਂ ਕਿਹਾ, ‘ਉਨ੍ਹਾਂ (ਮੋਦੀ) ਦੇ ਸਾਰੇ ਭਾਸ਼ਣ ’ਚ ਸਾਬਕਾ ਪ੍ਰਧਾਨ ਮੰਤਰੀਆਂ ਦੀ ਨਿੰਦਾ ਕੀਤੀ ਗਈ। ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੋ।’ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਬੰਦੂਕ ਦੇ ਜ਼ੋਰ ’ਤੇ ਮਨੀਪੁਰ ’ਚ ਅਮਨ ਕਾਇਮ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਦਾ ਦੌਰਾ ਕਰਨ ਅਤੇ ਲੋਕਾਂ ਦੀਆਂ ਤਕਲੀਫਾਂ ਸੁਣਨ ਦੀ ਅਪੀਲ ਕੀਤੀ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਵੱਲੋਂ ਰਾਹੁਲ ਗਾਂਧੀ ਬਾਰੇ ਕੀਤੀ ਗਈ ਟਿੱਪਣੀ ’ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰਨੀ ਪਈ।