Sports

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

ਦੁਬਈ-ਭਾਰਤ ਅੱਜ ਇਥੇ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਸੈਮੀਫਾਈਨਲ ਵਿਚ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ Champions Trophy ਦੇ ਫਾਈਨਲ ਵਿਚ ਪਹੁੰਚ ਗਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿਚ 264 ਦੌੜਾਂ ਬਣਾਈਆਂ। ਭਾਰਤ ਨੇ ਇਸ ਟੀਚੇ ਨੂੰ 48.1 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 267 ਦੌੜਾਂ ਬਣਾ ਕੇ ਪੂਰਾ ਕਰ ਲਿਆ।

ਭਾਰਤ ਦੀ ਜਿੱਤ ਵਿਚ ਵਿਰਾਟ ਕੋਹਲੀ (84), ਸ਼੍ਰੇਅਸ ਅੱਈਅਰ 45 ਤੇ ਕੇਐੱਲ ਰਾਹੁਲ ਦੀਆਂ ਨਾਬਾਦ 42 (34 ਗੇਂਦਾਂ, 2 ਚੌਕੇ, 2 ਛੱਕੇ) ਅਤੇ ਅਕਸ਼ਰ ਪਟੇਲ 27 ਤੇ ਹਾਰਦਿਕ ਪੰਡਿਆ ਦੀਆਂ 28 ਤੇਜ਼ਤਰਾਰ ਦੌੜਾਂ ਦਾ ਅਹਿਮ ਯੋਗਦਾਨ ਰਿਹਾ।

ਕਪਤਾਨ ਰੋਹਿਤ ਸ਼ਰਮਾ ਨੇ ਵੀ 28 ਦੌੜਾਂ ਦਾ ਯੋਗਦਾਨ ਪਾਇਆ। ਕੋਹਲੀ ਨੇ 98 ਗੇਂਦਾਂ ਦੀ ਪਾਰੀ ਵਿਚ 5 ਚੌਕੇ ਜੜੇ। ਹਾਰਦਿਕ ਪੰਡਿਆ ਨੇ 24 ਗੇਂਦਾਂ ’ਤੇ 28 ਦੌੜਾਂ ਦੀ ਪਾਰੀ ਵਿਚ 3 ਛੱਕੇ ਤੇ 1 ਚੌਕਾ ਜੜਿਆ। ਆਸਟਰੇਲੀਆ ਲਈ ਨਾਥਨ ਐਲਿਸ ਤੇ ਐਡਮ ਜ਼ੈਂਪਾ ਨੇ ਦੋ ਦੋ ਵਿਕਟ ਲਏ ਤੇ ਇਕ ਇਕ ਵਿਕਟ ਕੂਪਰ ਕੋਨੌਲੀ ਤੇ ਬੈੱਨ ਡਵਾਰਸ਼ੂਇਸ ਨੇ ਲਈ।

ਦੂਜਾ ਸੈਮੀਫਾਈਨਲ 5 ਮਾਰਚ ਨੂੰ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਦੁਬਈ ਵਿਚ ਹੋਵੇਗਾ।

ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸਟੀਵ ਸਮਿਥ ਅਤੇ ਐਲਕਸ ਕੈਰੀ ਦੇ ਨੀਮ ਸੈਂਕੜਿਆਂ ਦੇ ਬਾਵਜੂਦ ਆਸਟਰੇਲੀਆ ਨੂੰ 264 ਦੌੜਾਂ ਦੇ ਆਸਾਨ ਸਕੋਰ ਉਤੇ ਆਲ ਆਊਟ ਕਰ ਦਿੱਤਾ। ਆਸਟਰੇਲੀਆ ਦੇ ਕਪਤਾਨ ਸਮਿਥ (73 ਸਕੋਰ, 96 ਗੇਂਦਾਂ) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਦੇ ਬੱਲੇਬਾਜ਼ ਵਧੀਆ ਪਿੱਚ ਦਾ ਫਾਇਦਾ ਨਹੀਂ ਉਠਾ ਸਕੇ ਅਤੇ ਨਿਕੰਮੇ ਸ਼ਾਟਾਂ ਰਾਹੀਂ ਆਪਣੀਆਂ ਵਿਕਟਾਂ ਗੁਆਉਂਦੇ ਰਹੇ।

ਸਮਿਥ ਨੇ ਆਪਣੇ ਠਹਿਰਾਅ ਦੌਰਾਨ ਆਸਟਰੇਲਿਆਈ ਪਾਰੀ ਨੂੰ ਮਜ਼ਬੂਤੀ ਦਿੱਤੀ ਅਤੇ ਉਸ ਨੇ ਦੂਜੀ ਵਿਕਟ ਲਈ ਟ੍ਰੈਵਿਸ ਹੈੱਡ ਨਾਲ ਮਿਲ ਕੇ 52, ਤੀਜੀ ਵਿਕਟ ਲਈ ਮਾਰਨਸ ਲਾਬੂਸ਼ੇਨ ਨਾਲ 56 ਅਤੇ ਪੰਜਵੀਂ ਵਿਕਟ ਲਈ ਐਲਕਸ ਕੈਰੀ (61 ਸਕੋਰ, 57 ਗੇਂਦਾਂ) ਨਾਲ ਪੰਜਵੀਂ ਵਿਕਟ ਲਈ 54 ਦੌੜਾਂ ਜੋੜੀਆਂ। ਪਰ ਇਨ੍ਹਾਂ ਦੋਵਾਂ ਤੋਂ ਬਿਨਾਂ ਹੋਰ ਕੋਈ ਆਸਟਰੇਲੀਅਨ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ।

ਭਾਰਤ ਲਈ ਮੁਹੰਮਦ ਸ਼ਮੀ ਨੇ 10 ਓਵਰਾਂ ਵਿਚ 48 ਦੌੜਾਂ ਬਦਲੇ 3, ਵਰੁਣ ਚੱਕਰਵਰਤੀ ਨੇ 10 ਓਵਰਾਂ ਵਿਚ 49 ਦੌੜਾਂ ਬਦਲੇ 2 ਤੇ ਰਵਿੰਦਰ ਜਡੇਜਾ ਨੇ ਵੀ 8 ਓਵਰਾਂ ਵਿਚ 40 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਇਕ ਵਿਕਟ ਹਾਰਦਿਕ ਪਾਂਡਿਆ ਦੇ ਹਿੱਸੇ ਆਈ ਅਤੇ ਐਲਕਸ ਕੈਰੀ ਰਨ ਆਊਟ ਹੋਇਆ।