Global

ਥਾਈਲੈਂਡ: ਬੱਸ ਹਾਦਸੇ ਵਿੱਚ 18 ਮੌਤਾਂ

ਬੈਂਕਾਕ-ਪੂਰਬੀ ਥਾਈਲੈਂਡ ਵਿੱਚ ਅੱਜ ਤੜਕੇ ਇੱਕ ਚਾਰਟਰਡ ਬੱਸ ਪਲਟਣ ਕਾਰਨ 18 ਜਣਿਆਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਇਹ ਹਾਦਸਾ ਪ੍ਰਾਚੀਨਬੁਰੀ ਸੂਬੇ ਵਿੱਚ ਵਾਪਰਿਆ। ਇਹ ਵਿਅਕਤੀ ਉੱਤਰੀ ਥਾਈਲੈਂਡ ਤੋਂ ਸਟੱਡੀ ਟੂਰ ਲਈ ਪੂਰੀ ਰਾਤ ਰੇਯੋਗ ਸੂਬੇ ਦੀ ਯਾਤਰਾ ਕਰ ਰਹੇ ਸਨ।

ਭੂਮੀ ਆਵਾਜਾਈ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਸੜਕ ਹਾਦਸੇ ਦੀ ਜਾਂਚ ਵਿੱਚ ਪੁਲੀਸ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਸਾਰੇ ਜਨਤਕ ਆਵਾਜਾਈ ਵਾਹਨਾਂ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ। ਥਾਈਲੈਂਡ ਵਿੱਚ ਸੜਕ ਸੁਰੱਖਿਆ ਵੱਡੀ ਸਮੱਸਿਆ ਹੈ। ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਅਨੁਸਾਰ, ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਥਾਈਲੈਂਡ 175 ਮੈਂਬਰ ਦੇਸ਼ਾਂ ਵਿੱਚੋਂ ਨੌਵੇਂ ਸਥਾਨ ’ਤੇ ਹੈ। ਸੜਕ ਸੁਰੱਖਿਆ ਦਾ ਮੁੱਦਾ ਪਿਛਲੇ ਸਾਲ ਅਕਤੂਬਰ ਵਿੱਚ ਉਸ ਸਮੇਂ ਵੀ ਸਾਹਮਣੇ ਆਇਆ ਸੀ ਜਦੋਂ ਸਕੂਲੀ ਦੌਰੇ ’ਤੇ ਜਾ ਰਹੇ 23 ਵਿਦਿਆਰਥੀਆਂ ਤੇ ਅਧਿਆਪਕਾਂ ਦੀ ਬੱਸ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ।