Global

ਰੂਸ ਨੇ ਜਾਸੂਸੀ ਦੇ ਦੋਸ਼ ਹੇਠ ਦੋ ਬ੍ਰਿਟਿਸ਼ ਡਿਪਲੋਮੈਟ ਮੁਲਕ ’ਚੋਂ ਕੱਢੇ

ਮਾਸਕੋ-ਰੂਸ ਨੇ ਅੱਜ ਕਿਹਾ ਕਿ ਉਹ ਮਾਸਕੋ ਸਥਿਤ ਬਰਤਾਨਵੀ ਸਫ਼ਾਰਤਖਾਨੇ ਦੇ ਦੋ ਡਿਪਲੋਮੈਟਾਂ ਨੂੰ ਜਾਸੂਸੀ ਦੇ ਦੋਸ਼ਾਂ ਹੇਠ ਮੁਲਕ ’ਚੋਂ ਕੱਢ ਰਿਹਾ ਹੈ। ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫਐੱਸਬੀ) ਨੇ ਸਰਕਾਰੀ ਖ਼ਬਰ ਏਜੰਸੀ ‘ਆਰਆਈਏ ਨੋਵੋਸਤੀ’ ਦੇ ਹਵਾਲੇ ਨਾਲ ਬਿਆਨ ’ਚ ਕਿਹਾ ਕਿ ਦੋਵੇਂ ਡਿਪਲੋਮੈਟਾਂ ਨੇ ਦੇਸ਼ ’ਚ ਦਾਖ਼ਲੇ ਦੀ ਇਜਾਜ਼ਤ ਲੈਂਦੇ ਸਮੇਂ ਗਲਤ ਨਿੱਜੀ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਉਹ ਕਥਿਤ ਤੌਰ ’ਤੇ ਖ਼ੁਫ਼ੀਆ ਸਰਗਰਮੀਆਂ ’ਚ ਸ਼ਾਮਲ ਸਨ, ਜਿਨ੍ਹਾਂ ਨਾਲ ਰੂਸ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ। ਉਂਝ ਉਨ੍ਹਾਂ ਇਸ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਰਿਪੋਰਟ ਮੁਤਾਬਕ ਡਿਪਲੋਮੈਟਾਂ ਦੀ ਮਾਨਤਾ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਰੂਸ ਛੱਡਣ ਦੇ ਹੁਕਮ ਦਿੱਤੇ ਗਏ ਹਨ। ਰੂਸੀ ਵਿਦੇਸ਼ ਮੰਤਰਾਲੇ ਨੇ ਵੱਖਰੇ ਬਿਆਨ ’ਚ ਕਿਹਾ ਕਿ ਉਸ ਨੇ ਬ੍ਰਿਟਿਸ਼ ਸਫ਼ਾਰਤਖਾਨੇ ਦੇ ਅਧਿਕਾਰੀ ਨੂੰ ਤਲਬ ਕੀਤਾ ਹੈ। ਇਸ ’ਚ ਕਿਹਾ ਗਿਆ ਕਿ ਰੂਸ ਅਣਐਲਾਨੇ ਬ੍ਰਿਟਿਸ਼ ਖ਼ੁਫ਼ੀਆ ਅਧਿਕਾਰੀਆਂ ਦੀਆਂ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਬ੍ਰਿਟੇਨ ਦੇ ਅਧਿਕਾਰੀਆਂ ਵੱਲੋਂ ਫੌਰੀ ਕੋਈ ਬਿਆਨ ਨਹੀਂ ਆਇਆ ਹੈ। ਐੱਫਐੱਸਬੀ ਨੇ ਪਿਛਲੇ ਸਾਲ ਸੱਤ ਬ੍ਰਿਟਿਸ਼ ਡਿਪਲੋਮੈਟਾਂ ’ਤੇ ਜਾਸੂਸੀ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਮੁਲਕ ’ਚੋਂ ਕੱਢ ਦਿੱਤਾ ਸੀ। ਬ੍ਰਿਟੇਨ ਨੇ ਇਸ ਦੇ ਜਵਾਬ ’ਚ ਕਾਰਵਾਈ ਕਰਦਿਆਂ ਪਿਛਲੇ ਮਹੀਨੇ ਰੂਸੀ ਡਿਪਲੋਮੈਟ ਨੂੰ ਮੁਲਕ ’ਚੋਂ ਕੱਢ ਦਿੱਤਾ ਸੀ।