ਨੇਪਾਲ: ਹਜ਼ਾਰਾਂ ਸ਼ਰਧਾਲੂ ਪਸ਼ੂਪਤੀਨਾਥ ਮੰਦਰ ’ਚ ਨਤਮਸਤਕ
ਕਾਠਮੰਡੂ-ਪਾਲ ਤੇ ਭਾਰਤ ਤੋਂ ਹਜ਼ਾਰਾਂ ਸ਼ਰਧਾਲੂ ਮਹਾਂਸ਼ਿਵਰਾਤਰੀ ਮੌਕੇ ਪੂਜਾ ਕਰਨ ਲਈ ਅੱਜ ਸਵੇਰ ਤੋਂ ਹੀ ਪਸ਼ੂਪਤੀਨਾਥ ਮੰਦਰ ਪੁੱਜਣੇ ਸ਼ੁਰੂ ਹੋ ਗਏ। ਕਾਠਮੰਡੂ ’ਚ ਬਾਗਮਤੀ ਨਦੀ ਕਿਨਾਰੇ ਸਥਿਤ ਪਸ਼ੂਪਤੀਨਾਥ ਮੰਦਰ ’ਚ ਸ਼ਿਵਲਿੰਗ ਦੀ ਪੂਜਾ ਤੇ ਦਰਸ਼ਨ ਲਈ ਲੰਘੀ ਦੇਰ ਰਾਤ ਤੋਂ ਹੀ ਲੋਕਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
‘ਪਸ਼ੂਪਤੀ ਖੇਤਰ ਵਿਕਾਸ ਟਰੱਸਟ’ ਦੇ ਮੈਂਬਰ ਸਕੱਤਰ ਮਿਲਨ ਕੁਮਾਰ ਥਾਪਾ ਨੇ ਦੱਸਿਆ ਕਿ ਪਸ਼ੂਪਤੀਨਾਥ ’ਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਅਧਿਕਾਰੀਆਂ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸਥਾਨਕ ਪ੍ਰਸ਼ਾਸਨ ਨੇ ਤਿਉਹਾਰ ਦੌਰਾਨ ਭੰਗ, ਗਾਂਜਾ, ਸ਼ਰਾਬ, ਮੀਟ ਤੇ ਮੱਛੀ ਦੀ ਵਿਕਰੀ ਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਲੰਘੀ ਦੇਰ ਰਾਤ ਸਵਾ ਦੋ ਵਜੇ ਮੰਦਰ ਕਿਵਾੜ ਖੁੱਲ੍ਹੇ ਤੇ ਭਗਤਾਂ ਨੂੰ ਸ਼ਿਵਲਿੰਗ ਦੇ ਦਰਸ਼ਨ ਲਈ ਚਾਰੇ ਪਾਸਿਓਂ ਮੰਦਰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਨੇਪਾਲ ਤੇ ਭਾਰਤ ਤੋਂ ਤਕਰੀਬਨ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕਿਆ ਹੈ। ਸ਼ਰਧਾਲੂਆਂ ਦੀ ਸੁਰੱਖਿਆ ਤੇ ਸਥਿਤੀ ਕੰਟਰੋਲ ਹੇਠ ਰੱਖਣ ਲਈ ਚਾਰ ਹਜ਼ਾਰ ਸੁਰੱਖਿਆ ਕਰਮੀ ਤੇ 10 ਹਜ਼ਾਰ ਵਾਲੰਟੀਅਰ ਤਾਇਨਾਤ ਕੀਤੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਤਕਰੀਬਨ 700 ਨਾਗਾ ਬਾਬਿਆਂ ਸਮੇਤ 3500 ਦੇ ਕਰੀਬ ਸਾਧੂ ਵੀ ਭਾਰਤ ਤੋਂ ਪਸ਼ੂਪਤੀਨਾਥ ਮੰਦਰ ਪੁੱਜੇ ਹਨ।