featuredNational

ਸ਼ਾਹ ਵੱਲੋਂ ਕੇਂਦਰੀ ਫੰਡਾਂ ਦੇ ਮੁੱਦੇ ’ਤੇ ਸਟਾਲਿਨ ਦੀ ਆਲੋਚਨਾ

ਕੋਇੰਬਟੂਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕੇਂਦਰ ਵੱਲੋਂ ਤਾਮਿਲਨਾਡੂ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਕੀਤੇ ਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹੇ ਦੋਸ਼ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਲਗਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਾਮਿਲਨਾਡੂ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮਗਰੋਂ ਐੱਨਡੀਏ ਸੱਤਾ ’ਚ ਆਵੇਗਾ ਅਤੇ ਇਹ ਜਿੱਤ ਮਹਾਰਾਸ਼ਟਰ ਅਤੇ ਹਰਿਆਣਾ ’ਚ ਭਾਜਪਾ ਦੀ ਜਿੱਤ ਤੋਂ ਵੱਡੀ ਹੋਵੇਗੀ।

ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2014-24 ਦੇ ਵਕਫ਼ੇ ਦੌਰਾਨ ਸੂਬੇ ਨੂੰ 5,08,337 ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਮੁੱਖ ਮੰਤਰੀ ਐੱਮਕੇ ਸਟਾਲਿਨ ’ਤੇ ਹੱਦਬੰਦੀ ਨੂੰ ਲੈ ਕੇ ਲੋਕਾਂ ’ਚ ਗੁੰਮਰਾਹਕੁਨ ਬਿਆਨਬਾਜ਼ੀ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਹੱਦਬੰਦੀ ਕੀਤੀ ਜਾਵੇਗੀ ਤਾਂ ਤਾਮਿਲਨਾਡੂ ਸਮੇਤ ਕਿਸੇ ਵੀ ਦੱਖਣੀ ਸੂਬੇ ਦੀ ਸੰਸਦ ’ਚ ਨੁਮਾਇੰਦਗੀ ਵਿੱਚ ਕੋਈ ਕਮੀ ਨਹੀਂ ਆਵੇਗੀ। ਸਟਾਲਿਨ ਨੇ ਦਾਅਵਾ ਕੀਤਾ ਕਿ ਹੱਦਬੰਦੀ ਮੁਹਿੰਮ ਦੱਖਣੀ ਸੂਬਿਆਂ ਖਾਸ ਕਰਕੇ ਤਾਮਿਲਨਾਡੂ ’ਤੇ ਅਸਰ ਪਾਵੇਗੀ ਕਿਉਂਕਿ ਉਹ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਲਾਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੱਦਬੰਦੀ ਕਾਰਨ ਤਾਮਿਲਨਾਡੂ ਨੂੰ 39 ਲੋਕ ਸਭਾ ਸੀਟਾਂ ’ਚੋਂ 8 ਦਾ ਨੁਕਸਾਨ ਹੋਵੇਗਾ। ਇਸ ਮਾਮਲੇ ’ਤੇ ਚਰਚਾ ਲਈ ਉਨ੍ਹਾਂ 5 ਮਾਰਚ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਸ਼ਾਹ ਨੇ ਇਥੇ ਭਾਜਪਾ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਸੂਬੇ ’ਚ ਕਾਨੂੰਨ ਪ੍ਰਬੰਧ ਦੀ ਨਾਕਾਮੀ ਨੂੰ ਲੈ ਕੇ ਹੁਕਮਰਾਨ ਡੀਐੱਮਕੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਤਾਮਿਲਨਾਡੂ ’ਚ ਰਾਸ਼ਟਰ ਵਿਰੋਧੀ ਰੁਝਾਨ ਸਿਖਰ ’ਤੇ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ 1998 ਦੇ ਬੰਬ ਧਮਾਕੇ ਦੇ ਦੋਸ਼ੀ ਅਤੇ ਸਾਜ਼ਿਸ਼ਘਾੜੇ (ਐੱਸਏ ਬਾਸ਼ਾ) ਦੇ ਜਨਾਜ਼ੇ ਦੌਰਾਨ ਸੁਰੱਖਿਆ ਮੁਹੱਈਆ ਕਰਵਾਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਡਰੱਗ ਮਾਫ਼ੀਆ ਨੂੰ ਸੂਬੇ ’ਚ ਨਸ਼ੇ ਵੇਚਣ ਦੀ ਖੁੱਲ੍ਹੀ ਛੋਟ ਹੈ ਅਤੇ ਗ਼ੈਰ-ਕਾਨੂੰਨੀ ਮਾਫ਼ੀਆ ਸਿਆਸਤ ਨੂੰ ਭ੍ਰਿਸ਼ਟ ਬਣਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ, ‘‘ਡੀਐੱਮਕੇ ਦੇ ਸਾਰੇ ਆਗੂਆਂ ਕੋਲ ਭ੍ਰਿਸ਼ਟਾਚਾਰ ’ਚ ਮਾਸਟਰਜ਼ ਦੀ ਡਿਗਰੀ ਹੈ। ਇਕ ਆਗੂ ਨੌਕਰੀ ਬਦਲੇ ਨਕਦੀ ਘੁਟਾਲੇ ’ਚ, ਦੂਜਾ ਭ੍ਰਿਸ਼ਟਾਚਾਰ ਮਾਮਲੇ ’ਚ ਤੀਜਾ ਆਗੂ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ’ਚ, ਚੌਥਾ ਕੋਲਾ ਘੁਟਾਲੇ ’ਚ ਅਤੇ ਪੰਜਵਾਂ 6 ਹਜ਼ਾਰ ਕਰੋੜ ਰੁਪਏ ਦੇ ਸੀਆਰਆਈਡੀਪੀ ਘੁਟਾਲੇ ’ਚ ਸ਼ਾਮਲ ਹੈ। ਇੰਜ ਜਾਪਦਾ ਹੈ ਕਿ ਡੀਐੱਮਕੇ ਨੇ ਪਾਰਟੀ ਮੈਂਬਰਸ਼ਿਪ ਮੁਹਿੰਮ ਰਾਹੀਂ ਭ੍ਰਿਸ਼ਟਾਚਾਰੀਆਂ ਦੀ ਚੋਣ ਕੀਤੀ ਹੈ।