ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਭਾਰੀ ਮਾਤਰਾ ‘ਚ ਚੂਰਾ ਪੋਸਤ ਦਾ ਭਰਿਆ ਟਰੱਕ ਕਾਬੂ ਕੀਤਾ ਹੈ।
ਜਲੰਧਰ (ਵਰੁਣ)। ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਭਾਰੀ ਮਾਤਰਾ ‘ਚ ਚੂਰਾ ਪੋਸਤ ਦਾ ਭਰਿਆ ਟਰੱਕ ਕਾਬੂ ਕੀਤਾ ਹੈ। ਇਸ ਟਰੱਕ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਘੁਵੀਰ ਸਿੰਘ ਲੱਕੀ ਪੁੱਤਰ ਬਲਵਿੰਦਰ ਸਿੰਘ ਅਰਾਈਆਂਵਾਲਾ ਵਾਸੀ ਕਪੂਰਥਲਾ, ਪਲਵਿੰਦਰ ਮਿੰਟਾ ਪੁੱਤਰ ਰਤਨ ਸਿੰਘ ਵਾਸੀ ਦਿਲੇਵਾਲ ਥਾਣਾ ਕਪੂਰਥਲਾ ਵਜੋਂ ਹੋਈ ਹੈ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਅਤੇ ਡੀਸੀਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਏਸੀਪੀ ਵੈਸਟ ਮੁਹੰਮਦ ਸਰਬਜ ਆਲਮ, ਥਾਣਾ ਭਾਰਗਵ ਕੈਂਪ ਦੇ ਇੰਚਾਰਜ ਗਗਨਦੀਪ ਦੀ ਪੁਲੀਸ ਟੀਮ ਨੇ ਵਡਾਲਾ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਫਿਰ ਨਕੋਦਰ ਵੱਲੋਂ ਆ ਰਹੇ ਟਰੱਕ ਪੀ.ਬੀ.-10 ਸੀ.ਵਾਈ.-9581 ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਤਾਂ ਟਰੱਕ ਚਾਲਕ ਨੇ ਆਪਣੀ ਪਛਾਣ ਰਘੁਵੀਰ ਸਿੰਘ ਅਤੇ ਨਾਲ ਬੈਠੇ ਵਿਅਕਤੀ ਪਲਵਿੰਦਰ ਮਿੰਟਾ ਵਜੋਂ ਦੱਸੀ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚ ਪਿਆਜ਼ ਦੀਆਂ 315 ਬੋਰੀਆਂ ਅਤੇ ਪਲਾਸਟਿਕ ਦੀਆਂ 10 ਬੋਰੀਆਂ ਬਰਾਮਦ ਹੋਈਆਂ। ਜਦੋਂ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 200 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।